ਐੱਸਡੀਓ ਤੇ ਬਿਜਲੀ ਮੁਲਾਜ਼ਮਾਂ ਦੇ ਵਿਵਾਦ ਤੋਂ ਖ਼ਫ਼ਾ ਲੋਕਾਂ ਵੱਲੋਂ ਸੜਕ ਜਾਮ

12

October

2018

ਪਿਹੋਵਾ, ਸਥਾਨਕ ਬਿਜਲੀ ਵਿਭਾਗ ਵਿੱਚ ਐੱਸਡੀਓ ਅਤੇ ਬਿਜਲੀ ਮੁਲਾਜ਼ਮਾਂ ਦੀ ਯੂਨੀਅਨ ਵਿਚਾਲੇ ਚੱਲ ਰਿਹਾ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਵੀ ਬਿਜਲੀ ਕਰਮਚਾਰੀ ਹੜਤਾਲ ’ਤੇ ਰਹੇ। ਇਸ ਦੌਰਾਨ ਦਫ਼ਤਰ ਦਾ ਕੰਮਕਾਜ ਪੂਰੀ ਤਰ੍ਹਾਂ ਬੰਦ ਰਿਹਾ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੱਲ ਰਹੇ ਬਿਜਲੀ ਮੁਲਾਜ਼ਮਾਂ ਦੇ ਧਰਨੇ ਨੂੰ ਲੈ ਤਕੇ ਆਮ ਲੋਕਾਂ ਵਿੱਚ ਵੀ ਗੁੱਸਾ ਹੈ, ਜਿਸ ਤਹਿਤ ਅੱਜ ਸਵੇਰੇ ਦਫ਼ਤਰ ਵਿੱਚ ਕੰਮ ਨਾ ਹੋਣ ’ਤੇ ਆਮ ਲੋਕ ਅਤੇ ਕਰਮਚਾਰੀ ਆਹਮਣੋ- ਸਾਹਮਣੇ ਹੋ ਗਏ। ਇਸ ਦੌਰਾਨ ਨਾਰਾਜ਼ ਲੋਕਾਂ ਨੇ ਰੋਸ ਵਜੋਂ ਬਿਜਲੀ ਦਫ਼ਤਰ ਦੇ ਬਾਹਰ ਕੈਥਲ ਰੋਡ ’ਤੇ ਜਾਮ ਲਗਾ ਦਿੱਤਾ। ਜਾਮ ਲੱਗਣ ਦੀ ਸੂਚਨਾ ਮਿਲਦੇ ਹੀ ਤਹਿਸੀਲਦਾਰ ਚੇਤਨਾ ਚੌਧਰੀ, ਐੱਸਐੱਚਓ ਜੈ ਨਰਾਇਣ ਸ਼ਰਮਾ ਅਤੇ ਡੀਐੱਸਪੀ ਧੀਰਜ ਕੁਮਾਰ ਮੌਕੇ ’ਤੇ ਪਹੁੰਚ ਗਏ ਅਤੇ ਲੋਕਾਂ ਨੂੰ ਸਮਝਾ ਕੇ ਦਫ਼ਤਰ ਵਿੱਚ ਲੈ ਗਏ। ਲੋਕਾਂ ਦਾ ਕਹਿਣਾ ਸੀ ਕਿ ਐੱਸਡੀਓ ਅਤੇ ਯੂਨੀਅਨ ਦੀ ਲੜਾਈ ਵਿੱਚ ਆਮ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਪਿਛਲੇ ਇੱਕ ਹਫ਼ਤੇ ਤੋਂ ਬਿਜਲੀ ਦੇ ਬਿੱਲ ਭਰਨ ਅਤੇ ਸਰਕਾਰ ਵੱਲੋਂ ਜਾਰੀ ਵਿਆਜ ਮੁਆਫ਼ੀ ਯੋਜਨਾ ਦਾ ਲਾਭ ਲੈਣ ਲਈ ਦਫ਼ਤਰ ਦੇ ਚੱਕਰ ਕੱਟ ਰਹੇ ਹਨ ਪਰ ਸੀਟਾਂ ’ਤੇ ਕੋਈ ਕਰਮਚਾਰੀ ਨਹੀਂ ਮਿਲਦਾ। ਉੱਧਰ, ਧਰਨੇ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਵਿਆਜ ਮੁਆਫ਼ੀ ਯੋਜਨਾ ਲਾਭ ਲੈਣ ਲਈ ਸਮਾਂ ਮਿੱਥਿਆ ਗਿਆ ਸੀ ਪਰ ਐੱਸਡੀਓ ਅਤੇ ਯੂਨੀਅਨ ਦੀ ਲੜਾਈ ਵਿੱਚ ਇਹ ਸਮਾਂ ਨਿਕਲਦਾ ਜਾ ਰਿਹਾ ਹੈ ਜਿਸ ਕਾਰਨ ਕਿਸਾਨ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਣਗੇ। ਸਰਕਾਰ ਨੂੰ ਮਾਮਲੇ ਵਿੱਚ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਤਹਿਸੀਲਦਾਰ ਚੇਤਨਾ ਚੌਧਰੀ ਵੱਲੋਂ ਐੱਸਡੀਓ ਅਤੇ ਕਰਮਚਾਰੀਆਂ ਦਾ ਸਮਝੌਤਾ ਕਰਵਾ ਕੇ ਧਰਨਾ ਖਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਐੱਸਡੀਓ ਮੌਕੇ ’ਤੇ ਨਹੀਂ ਪਹੁੰਚੇ, ਜਿਸ ਕਾਰਨ ਯੂਨੀਅਨ ਦੇ ਕਰਮਚਾਰੀ ਮੁੜ ਖ਼ਫ਼ਾ ਹੋ ਗਏ।