ਦਿੱਲੀ ਕਮੇਟੀ ਨੇ ਸ਼ੰਟੀ ਖ਼ਿਲਾਫ਼ ਥਾਣੇ ਵਿੱਚ ਦਿੱਤੀ ਸ਼ਿਕਾਇਤ

12

October

2018

ਨਵੀਂ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਮੌਜੂਦਾ ਕਮੇਟੀ ਪ੍ਰਧਾਨ ’ਤੇ ਭ੍ਰਿਸ਼ਟਾਚਾਰ ਦੇ ਲਗਾਏ ਗਏ ਦੋਸ਼ਾਂ ਦੇ ਜਵਾਬ ਵਿੱਚ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸ਼ੰਟੀ ਦੇ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਥਾਣਾ ਨੌਰਥ ਐਵੇਨਿਊ ’ਚ ਕਮੇਟੀ ਵੱਲੋਂ ਆਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਨ ਲਈ ਸ਼ਿਕਾਇਤ ਦਿੱਤੀ ਹੈ। ਇੱਥੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਕਾਲਕਾ ਨੇ ਕਿਹਾ ਕਿ ਸ਼ੰਟੀ ਨੇ ਸਿਆਸੀ ਰਜਿੰਸ਼ ਕਾਰਨ ਝੂਠੇ ਦੋਸ਼ ਲਗਾ ਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ੰਟੀ ਨੇ 51 ਲੱਖ ਰੁਪਏ ਦੇ ਵਿਦੇਸ਼ ਤੋਂ ਆਏ ਚੈੱਕ ਦੇ ਨਾਲ 51 ਲੱਖ ਰੁਪਏ ਦੀ ਹੋਰ ਰਾਸ਼ੀ ਨਗਕ ਬੈਂਕ ’ਚ ਜਮ੍ਹਾਂ ਹੋਣ ਦਾ ਜੋ ਦਾਅਵਾ ਕੀਤਾ ਹੈ, ਉਹ ਗਲਤ ਹੈ। ਉਨ੍ਹਾਂ ਕਿਹਾ ਕਿ ਐਕਸਿਸ ਬੈਂਕ ਵੱਲੋਂ ਜਾਰੀ ਸਟੇਟਮੈਂਟ ਅਨੁਸਾਰ ਕੇਵਲ 51 ਲੱਖ ਰੁਪਏ ਦਾ ਚੈੱਕ ਖਾਤੇ ਵਿੱਚ ਜਮ੍ਹਾਂ ਹੋਇਆ ਹੈ ਪਰ ਸ਼ੰਟੀ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਨਗਦ ਰਾਸ਼ੀ ਜਮ੍ਹਾਂ ਹੋਣ ਸਬੰਧੀ ਜੋ ਵਾਊਚਰ ਦਿਖਾਇਆ ਹੈ, ਉਹ ਕਮੇਟੀ ਦੇ ਕਿਸੇ ਰਿਕਾਰਡ ’ਚ ਨਹੀਂ ਹੈ। ਇਸੇ ਤਰ੍ਹਾਂ ਕਮੇਟੀ ਵੱਲੋਂ ਖਰੀਦੀ ਗਈ ‘ਸਿੱਖ ਵਿਰਾਸਤ’ ਕਿਤਾਬਾਂ ਦੀ ਗਿਣਤੀ ਨੂੰ ਕਮੇਟੀ ਦੇ ਸਕੂਲ ਵਿੱਚ ਮੌਜੂਦ ਬੱਚਿਆਂ ਦੀ ਗਿਣਤੀ ਨਾਲ ਜੋੜ ਕੇ ਘੁਟਾਲਾ ਸਾਬਿਤ ਕਰਨ ਦੀ ਜਬਰਨ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ‘ਸਿੱਖ ਵਿਰਾਸਤ’ 30 ਹਜ਼ਾਰ ਕਿਤਾਬਾਂ ਦੀ ਖਰੀਦ ਲਈ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ 20 ਮਾਰਚ 2016 ਦੇ ਆਦੇਸ਼ ’ਤੇ ਪੂਰੀ ਕਾਰਵਾਈ ਮੁਕੰਮਲ ਕਰਨ ਉਪਰੰਤ 2 ਨਵੰਬਰ 2016 ਨੂੰ ਕਿਤਾਬਾਂ ਲਈ ਟੈਂਡਰ ਗੁਰੂ ਹਰਕ੍ਰਿਸ਼ਨ ਸਕੂਲ ਸੁਸਾਇਟੀ ਵੱਲੋਂ ਜਾਰੀ ਕੀਤਾ ਗਿਆ ਸੀ। 26 ਦਸੰਬਰ 2016 ਨੂੰ ਤੈਅ ਰੇਟ ਨੂੰ ਮਨਜ਼ੂਰੀ ਸੁਸਾਇਟੀ ਦੇ ਚੇਅਰਮੈਨ ਵੱਲੋਂ ਦਿੱਤੀ ਗਈ ਸੀ। 10 ਜਨਵਰੀ 2017 ਨੂੰ ਇਸ ਸਬੰਧੀ ਕਿਤਾਬ ਖਰੀਦਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ, ਜਿਸ ’ਤੇ 20 ਜਨਵਰੀ 2017 ਨੂੰ ਕਿਤਾਬ ਪ੍ਰਕਾਸ਼ਕ ਨੂੰ 50 ਫੀਸਦੀ ਐਡਵਾਂਸ ਰਕਮ ਦਾ ਭੁਗਤਾਨ ਵੀ ਕੀਤਾ ਗਿਆ ਸੀ। ਉਪਰੰਤ ਕਮੇਟੀ ਵੱਲੋਂ ਅਪਰੈਲ 2017 ’ਚ 52 ਹਜ਼ਾਰ ਕਿਤਾਬਾਂ ਹੋਰ ਖਰੀਦਿਆਂ ਗਈਆਂ ਸਨ। ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਸ਼ੰਟੀ ਨੇ ਜਗਦੀਸ਼ ਟਾਈਟਲਰ ਦੀ ਸੀਡੀ ਕਮੇਟੀ ਵੱਲੋਂ ਜਾਰੀ ਕੀਤੇ ਜਾਣ ਦੇ ਮਾਮਲੇ ਵਿੱਚ ਕਰੋੜਾਂ ਰੁਪਏ ਦੇ ਘੁਟਾਲੇ ਅਤੇ ਇਸ ਕਥਿਤ ਸੌਦੇ ਵਿੱਚ ਕਮੇਟੀ ਪ੍ਰਧਾਨ ਨੂੰ ਵੱਡੀ ਕਾਰ ਮਿਲਣ ਦਾ ਦਾਅਵਾ ਕੀਤਾ ਸੀ ਜੋ ਬਿਨਾਂ ਸਬੂਤਾਂ ਅਤੇ ਗਵਾਹਾਂ ਤੋਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ੰਟੀ ਦੇ ਜਨਰਲ ਸਕੱਤਰ ਰਹਿਣ ਸਮੇਂ ਉਨ੍ਹਾਂ ਦੇ ਸਾਥੀ ਜੁਆਇੰਟ ਸਕੱਤਰ ਕਰਤਾਰ ਸਿੰਘ ਕੋਛੜ ਨੇ ਸ਼ੰਟੀ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਕਥਿਤ ਸਬਜ਼ੀ ਘੋਟਾਲੇ ਦੇ ਕਾਗਜ਼ਾਤ ਇੱਕਤਰ ਕਰ ਕੇ ਅਦਾਲਤ ’ਚ ਮੁਕੱਦਮਾ ਦਾਇਰ ਕੀਤਾ ਸੀ।