ਭਾਗਵਤ ਵੱਲੋਂ ਸੰਗਠਨ ਮਜ਼ਬੂਤ ਕਰਨ ਦਾ ਸੱਦਾ

12

October

2018

ਜਲੰਧਰ, 11 ਅਕਤੂਬਰ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੀ ਤਿੰਨ ਦਿਨਾਂ ਫੇਰੀ ਦੇ ਆਖਰੀ ਦਿਨ ਉਨ੍ਹਾਂ ਨੇ ਸੰਘ ਨੂੰ ਸਿੱਖਿਆ ਸੰਸਥਾਵਾਂ ਰਾਹੀਂ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਸੰਘ ਪ੍ਰਾਚਰਕਾਂ ਨੂੰ ਖਾਸ ਕਰਕੇ ਦੇਸ਼ ਦੇ ਗੌਰਵਮਈ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੇਰਿਆ। ਜਾਣਕਾਰੀ ਅਨੁਸਾਰ ਆਰਐੱਸਐੱਸ ਮੁਖੀ ਜਲੰਧਰੋਂ ਚਾਰ ਵਜੇ ਤੋਂ ਬਾਅਦ ਰਵਾਨਾ ਹੋਏ। ਜਾਣ ਤੋਂ ਪਹਿਲਾਂ ਉਹ ਕੁਝ ਸਮਾਂ ਡੇਰਾ ਬਿਆਸ ਵਿਚ ਵੀ ਰੁਕੇ। ਆਖਰੀ ਦਿਨ ਉਨ੍ਹਾਂ ਨੇ ਜਲੰਧਰ ਦੇ ਵਿਦਿਆ ਧਾਮ ’ਚ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨਾਲ ਮੁਲਾਕਾਤਾਂ ਕੀਤੀਆਂ। ਇਨ੍ਹਾਂ ਵਿਚ ਪੰਜਾਬੀ ਤੇ ਹਿੰਦੀ ਅਖਬਾਰਾਂ ਦੇ ਸੰਪਾਦਕ ਵੀ ਸ਼ਾਮਲ ਸਨ। ਦਲਿਤਾਂ ਦੇ ਗੜ੍ਹ ਸਮਝੇ ਜਾਂਦੇ ਦੋਆਬੇ ਵਿਚਲੇ ਰਵਿਦਾਸੀਆ ਭਾਈਚਾਰੇ ਦੇ ਸੰਤਾਂ ਮਹਾਂਪੁਰਸ਼ਾਂ ਨਾਲ ਵੀ ਉਨ੍ਹਾਂ ਮੁਲਾਕਾਤਾਂ ਕੀਤੀਆਂ। ਦੁਪਹਿਰ ਸਮੇਂ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਮੋਹਨ ਭਾਗਵਤ ਨਾਲ ਮੁਲਾਕਾਤ ਕੀਤੀ। ਤਿੰਨ ਦਿਨ ਜਲੰਧਰ ਦੇ ਵਿਦਿਆ ਧਾਮ ’ਚ ਰੁਕਣ ਸਮੇਂ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ, ਹਰਿਆਣਾ ਅਤੇ ਪੰਜਾਬ ਦੇ ਸੰਗਠਨ ਦੇ ਅਹੁਦੇਦਾਰਾਂ ਨਾਲ ਲੰਮੀਆਂ ਮੀਟਿੰਗਾਂ ਕੀਤੀਆਂ। ਸਭ ਤੋਂ ਵੱਧ ਉਨ੍ਹਾਂ ਨੇ ਜ਼ੋਰ ਸਿੱਖਿਆ ਸੰਸਥਾਵਾਂ ਰਾਹੀਂ ਆਰਐੱਸਐੱਸ ਦੀ ਪੈਂਠ ਨੂੰ ਮਜ਼ਬੂਤ ਬਣਾਉਣ ’ਤੇ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਆਰਐੱਸਐੱਸ ਕਿਸ ਤਰ੍ਹਾਂ ਆਪਣੀ ਭੂਮਿਕਾ ਨਿਭਾਏਗਾ, ਇਸ ਲਈ ਪ੍ਰਾਂਤ ਪ੍ਰਚਾਰਕਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਗਈਆਂ ਹਨ।