Arash Info Corporation

"ਇਹ ਕੈਸੀ ਰੁੱਤ ਆਈ ਨੀ ਮਾਂ"

25

April

2020

22 ਮਾਰਚ 2019 ਨੂੰ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਪੂਰੇ ਦੇਸ਼ ਵਿੱਚ ਜਨਤਾ ਕਰਫ਼ਿਊ ਲਗਾਉਣ ਦੇ ਫ਼ੈਸਲੇ ਮਗਰੋਂ, ਪੰਜਾਬ ਸਰਕਾਰ ਵੱਲੋਂ 23 ਮਾਰਚ ਤੋਂ ਪੰਜਾਬ ਮੁਕੰਮਲ ਬੰਦ ਕਰਨ ਦਾ ਸਲਾਹੁਣ ਯੋਗ ਫ਼ੈਸਲਾ ਲੈਂਦੇ ਹੋਏ, ਤੇ ਇਸ ਤੋਂ ਤੁਰੰਤ ਬਾਅਦ ਪੰਜਾਬ ਵਿੱਚ ਕਰਫ਼ਿਊ ਲਾਗੂ ਕਰਨਾ ਤੇ ਭਾਰਤ ਸਰਕਾਰ ਵੱਲੋਂ ਵੀ 21 ਦਿਨਾਂ ਲਈ ਪੂਰਾ ਦੇਸ਼ ਲਾਕ ਡਾਉਣ ਕਰਕੇ ਦੇਸ਼ ਵਾਸੀਆਂ ਦੇ ਹਿੱਤ ਲਈ ਠੋਸ ਫੈਸਲਿਆਂ ਨੂੰ ਲਾਗੂ ਕਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਸੀ। ਕਿਉਂਕਿ ਕਰੋਨਾ ਪਹਿਲਵਾਨ ਅੱਜ ਪੂਰੇ ਵਿਸ਼ਵ ਨੂੰ ਧੋਬੀ ਪਟਕੇ ਮਾਰ ਕੇ ਆਪਣੀ ਤਾਕਤ ਦਾ ਲੋਹਾ ਮਨਵਾ ਰਿਹਾ ਹੈ। ਦੁਨੀਆਂ ਦੀ ਮਹਾਂਸ਼ਕਤੀ ਕਹੇ ਜਾਣ ਵਾਲੇ ਦੇਸ਼ ਅਮਰੀਕਾ ਵਿੱਚ ਮਿਤੀ 23-04-2020 ਤੱਕ ਕਰੋਨਾ ਵਾਇਰਸ ਨਿਊਜ਼ ਦੇ ਅੰਕੜਿਆਂ ਮੁਤਾਬਿਕ ਸਾਰੇ ਵਿਸ਼ਵ ਤੋਂ ਜ਼ਿਆਦਾ 47681 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।ਭਾਰਤ ਸਰਕਾਰ ਵੱਲੋਂ ਜੇਕਰ ਸਮਾਂ ਰਹਿੰਦੇ ਤਾਲਾਬੰਦੀ ਵਰਗੇ ਕਠੋਰ ਫੈਸਲੇ ਨਾਂ ਲਏ ਜਾਂਦੇ ਤਾਂ ਸਾਡੇ ਦੇਸ਼ ਦੀ ਸਥਿਤੀ, ਵੱਧ ਅਬਾਦੀ ਕਾਰਨ ਅਮਰੀਕਾ ਤੋਂ ਵੀ ਬਦਤਰ ਹੋਣੀ ਸੀ। ਸਾਡੇ ਕੋਲ ਆਪਣਿਆਂ ਦੀਆਂ ਲਾਸ਼ਾਂ ਨੂੰ ਸੰਭਾਲਣ ਲਈ ਜਗ੍ਹਾਂ ਨਹੀਂ ਲੱਭਣੀ ਸੀ। ਇਸ ਲਾਕ ਡਾਉਨ ਤੇ ਕਰਫਿਊ ਕਾਰਨ ਤੇਜ਼ ਰਫ਼ਤਾਰ ਚਲਦੀ ਜ਼ਿੰਦਗੀ ਦਾ ਅਚਾਨਕ ਚੱਕਾ ਜਾਮ ਹੋ ਜਾਣਾ, ਅਜਿਹਾ ਸ਼ਾਇਦ ਸੰਸਾਰ ਪੱਧਰ ਤੇ ਇਸ ਮਹਾਂਮਾਰੀ ਕਰਕੇ ਪਹਿਲੀ ਵਾਰ ਹੀ ਹੋਇਆ ਹੈ। ਸਾਰੇ ਕੰਮ ਧੰਦੇ ਅਚਾਨਕ ਬੰਦ ਹੋ ਜਾਣ ਕਾਰਨ ਕਿਰਤੀ ਵਰਗ ਦੀ ਜੋ ਦੁਰਦਸ਼ਾ ਹੋ ਰਹੀ ਹੈ ਉਹ ਦਿਲ ਕੰਬਾਊ ਹੈ ਦਾਨ ਦੀ ਦਾਲ ਤੇ ਆਟੇ ਨਾਲ ਆਪਣੇ ਟੱਬਰ ਦੇ ਪੇਟ ਨੂੰ ਝੋਕਾ ਦੇਣ ਲਈ ਨਾ ਚਾਹੁੰਦੇ ਹੋਏ ਵੀ ਵਿਚਾਰਿਆਂ ਦੀਆਂ ਲਾਇਨਾਂ ਵਿੱਚ ਲੱਗਣ ਲਈ ਆਪਣੀ ਜ਼ਮੀਰ ਨੂੰ ਮਾਸਕ ਥੱਲੇ ਲੁਕੋਈ ਫਿਰਦਾ ਹੈ। ਕਾਰਖਾਨਿਆਂ ਦੀ ਠੱਕ ਠੱਕ ਬੰਦ ਹੋਣ ਨਾਲ ਦੇਸ਼ ਹੀ ਨਹੀਂ ਪੂਰੀ ਦੁਨੀਆਂ ਦੀ ਅਰਥ ਵਿਵਸਥਾ ਲੜਖੜਾ ਕੇ ਧੜੱਮ ਦੇਣੇ ਡਿੱਗਣ ਨਾਲ ਅੱਜ ਕਿਰਤੀ ਤੇ ਦਰਮਿਆਨਾਂ ਵਰਗ ਸੱਚੇ ਪਾਤਸ਼ਾਹ ਅੱਗੇ ਹੱਥ ਜੋੜ ਅਰਦਾਸਾ ਕਰਨ ਲਈ ਮਜ਼ਬੂਰ ਹੈ। ਕਿਉਂਕਿ ਬੰਦੇ ਦੇ ਵੱਸ ਤੋਂ ਬਾਹਰ ਦੀ ਗੱਲ ਹੋ ਚੁੱਕੀ ਹੈ। ਦਰਮਿਆਨੇ ਵਰਗ ਨੂੰ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਇਸ ਦੀ ਮਾਰ ਦੀ ਕੀਮਤ ਦੂਜੇ ਦੋਨਾਂ ਵਰਗਾ ਤੋਂ ਵੱਧ ਤਾਰਨੀ ਪਵੇਗੀ। ਤੇਜ਼ ਰਫ਼ਤਾਰ ਚਲਦੀ ਗੱਡੀ ਵਿਚ ਤਾਂ ਦਰਮਿਆਨਾ ਵਰਗ ਇਧਰੋਂ- ਉਧਰੋਂ ਲੈ ਦੇ ਕਰਕੇ ਆਪਣਾ ਡੰਗ ਟਪਾ ਕੇ ਤਰੱਕੀ ਕਰਨ ਦੇ ਵੱਡੇ ਸੁਪਨੇ ਪਾਲੀ ਬੈਠਾ ਸੀ। ਪਰੰਤੂ ਇਸ ਕੁਦਰਤੀ ਮਾਰ ਨੇ ਉਸਦਾ ਆਰਥਿਕ ਤੌਰ ਤੇ ਲੱਕ ਤੋੜਕੇ, ਹੋਰ ਕਰਜ਼ਿਆਂ ਦੇ ਬੋਝ ਨੂੰ ਚੁੱਕਣ ਲਈ ਮਜ਼ਬੂਰ ਕਰ ਦੇਣਾ ਹੈ। ਕਿਉਂਕਿ ਉਹ ਤਾਂ ਪਹਿਲਾਂ ਹੀ ਆਪਣੀਆਂ ਦਿਖਾਵੇ ਵਾਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਜੇ ਦੀਆਂ ਪੰਡਾਂ ਨੂੰ ਸਿਰ ਚੁੱਕੀ ਫਿਰਦਾ ਸੀ। ਤਾਲਾਬੰਦੀ ਦੇ ਸੁਨਹਿਰੇ ਪੱਖ :- ਤਾਲਾਬੰਦੀ ਤੇ ਕਰਫਿਊ ਦੇ ਇਸ ਗੁਜ਼ਰ ਚੁੱਕੇ ਸਮੇਂ ਦੌਰਾਨ ਕੁਦਰਤੀ ਮਹਾਂਮਾਰੀ ਦੇ ਚਲਦਿਆਂ ਸਾਡੀ ਜ਼ਿੰਦਗੀ ਵਿੱਚ ਬਹੁਤ ਅਹਿਮ ਮੋੜ ਆਏ, ਜਿਨ੍ਹਾਂ ਤੋਂ ਸਾਨੂੰ ਸਿੱਖਣ ਲਈ ਬਹੁਤ ਕੁਝ ਮਿਲਿਆ ਹੈ। ਅੱਜ ਇਨਸਾਨ ਇਸ ਤਾਲਾਬੰਦੀ ਦੌਰਾਨ ਆਪਣੀ ਫੈਮਲੀ ਵਿੱਚ ਇੰਨਾਂ ਘੁਲਮਿਲ ਗਿਆ ਹੈ, ਉਸ ਨੂੰ ਹੁਣ ਸਮਝ ਆਈ ਹੈ ਕਿ ਮੈਂ ਪਹਿਲਾਂ ਕਦੇ ਮਹਿਸੂਸ ਕੀ ਨਹੀਂ ਕੀਤਾ ਸੀ ਕਿ ਪਰਮਾਤਮਾ ਨੇ ਪਰਿਵਾਰ ਕਿਸ ਲਈ ਬਣਾਇਆ ਹੈ। ਆਪਣੇ ਆਪ ਨੂੰ ਤਰਕਸ਼ੀਲ ਸੋਚ ਦਾ ਧਾਰਨੀ ਦੱਸਣ ਵਾਲਾ ਇਨਸਾਨ ਕਰੋਨਾ ਪਹਿਲਵਾਨ ਦੇ ਸਾਹਮਣੇ ਅਤੇ ਸਾਰੀ ਵਿਗਿਆਨ ਤੇ ਟੈਕਨਾਲੋਜੀ, ਫੇਲ੍ਹ ਹੋਣ ਕਾਰਨ ਹੁਣ ਦਿਨ ਰਾਤ ਕੁਦਰਤ ਨਾਲ ਛੇੜਛਾੜ ਨਾਂ ਕਰਨ ਦੀਆਂ ਸੌਹਾਂ ਖਾ ਕੇ ਆਪਣੇ ਆਪ ਨੂੰ ਧਰਵਾਸਾ ਦੇ ਰਿਹਾ ਹੈ। ਕਿਉਂਕਿ ਕਰੋਨਾ ਨੇ ਦੁਨੀਆਂ ਦੇ ਅਣੂ- ਪ੍ਰਮਾਣੂ ਤੇ ਹੋਰ ਪਤਾ ਨਹੀਂ ਕੀ-ਕੀ ਸਾਰੇ ਰਸਾਇਣਕ ਹਥਿਆਰ ਜੋ ਬੰਦੇ ਨੂੰ ਮਾਰਨ ਲਈ ਬਣਾਏ ਸਨ, ਫੇਲ ਹੀ ਹੋ ਗਏ ਜਾਪਦੇ ਹਨ। ਇਹ ਨੰਗੀ ਅੱਖ ਨਾਲ ਨਾ ਦਿਸਣ ਵਾਲਾ ਕਰੋਨਾ ਸਭ ਤੋਂ ਛੋਟਾ ਤੇ ਹਲਕਾ ਹੋਣ ਦੇ ਬਾਵਜੂਦ ਓਹਨਾਂ ਸਭ ਤੇ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਦਿਨਾਂ ਵਿਚ ਮਹਿਸੂਸ ਕੀਤਾ ਗਿਆ ਹੈ ਕਿ ਜਿਹੜੇ ਆਦਮੀ ਰੋਜ਼ਾਨਾ ਥੱਬਾ ਗੋਲੀਆਂ ਦਾ ਖਾਂਦੇ ਸੀ, ਉਹ ਹੁਣ ਯੋਗ ਅਭਿਆਸ ਜਾ ਪ੍ਰਾਣਾਯਾਮ ਕਰਕੇ ਆਪਣੀ ਸਿਹਤ ਨੂੰ ਪਹਿਲਾਂ ਨਾਲੋਂ ਵੀ ਵੱਧ ਤੰਦਰੁਸਤ ਰੱਖ ਰਹੇ ਹਨ। ਬਹੁਤਿਆਂ ਨੇ ਇਸ ਸਮੇਂ ਦਾ ਫਾਇਦਾ ਲੈਂਦੇ ਹੋਏ ਆਪਣੀਆਂ ਵਧੀਆਂ ਹੋਈਆਂ ਗੋਗੜਾਂ ਨੂੰ ਘਟਾਕੇ ਡਾਕਟਰਾਂ ਨੂੰ ਫਤਿਹ ਬੁਲਾਈ ਹੈ। ਘਰ ਬੈਠਕੇ ਜਨਤਾ ਨੂੰ ਸ਼ੌਕ ਪੂਰੇ ਕਰਨ ਦਾ ਮੌਕਾ ਪਰਮਾਤਮਾ ਨੇ ਦੇ ਦਿੱਤਾ ਹੈ, ਜੋ ਲੋਕ ਪੈਸੇ ਦੇ ਪੁੱਤ ਬਣ ਗਏ ਸੀ, ਤੇ ਕਹਿੰਦੇ ਸਨ ਕਿ ਪੈਸਾ ਹੀ ਸਭ ਕੁਝ ਹੈ ਅੱਜ ਰੱਬ ਨੇ ਉਨ੍ਹਾਂ ਦੇ ਸਾਰੇ ਵਹਿਮ ਦੂਰ ਕਰਕੇ ਇਹ ਮਨਵਾ ਦਿੱਤਾ ਹੈ ਕਿ ਇਨਸਾਨੀਅਤ ਤੋਂ ਵੱਡਾ ਕੁੱਝ ਵੀ ਨਹੀਂ ਹੈ। ਕਿੳਕਿ ਇਸ ਸਮੇਂ ਪੈਸਾ ਤਾਂ ਕਿਸੇ ਦੇ ਕੰਮ ਆਇਆ ਹੀ ਨਹੀਂ, ਸਿਰਫ ਬੰਦਾ ਹੀ ਬੰਦੇ ਦੇ ਕੰਮ ਆਇਆ ਹੈ। ਕਿਉਂਕਿ ਇਨਸਾਨ ਵਾਹਿਗੁਰੂ ਪਰਮਾਤਮਾ ਨੂੰ ਭੁੱਲ ਦਿਨ ਰਾਤ ਪੈਸੇ ਦੀ ਦੌੜ ਵਿਚ ਲੱਗਕੇ ਸਭ ਰਿਸ਼ਤੇ ਨਾਤਿਆਂ ਨੂੰ ਪੈਸੇ ਨਾਲ ਤੋਲਣ ਲੱਗ ਪਿਆ ਸੀ। ਹੁਣ ਕੁਦਰਤ ਨੇ ਕਰੋਨਾ ਰਾਹੀਂ ਬੰਦੇ ਦੇ ਸਭ ਭਰਮ ਭੁਲੇਖੇ ਦੂਰ ਕਰਕੇ ਰਿਸ਼ਤੇ ਨਾਤੇ ਮੁੜ ਦੁਬਾਰਾ ਯਾਦ ਕਰਵਾ ਦਿੱਤੇ ਹਨ। ਅਸੀਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਭੁੱਲਕੇ ਪੱਛਮੀ ਸੱਭਿਅਤਾ ਦੇ ਚੁੰਗਲ ਵਿਚ ਫਸਕੇ, ਆਪਣੇ ਆਪ ਨੂੰ ਦੂਸਰਿਆਂ ਤੋਂ ਅਲੱਗ ਹੀ ਸਮਝਣ ਲੱਗ ਪਏ ਸਾਂ, ਬੰਦੇ ਨੂੰ ਸਮਝਾਉਂਣ ਲਈ ਰੱਬ ਦੇ ਆਪਣੇ ਹੀ ਢੰਗ ਤਰੀਕੇ ਤੇ ਕਾਇਦੇ ਕਾਨੂੰਨ ਹਨ। ਤਾਲਾਬੰਦੀ ਦੇ ਇਸ ਸਮੇਂ ਦੋਰਾਨ ਆਵਾਜ਼ ਪ੍ਰਦੂਸ਼ਣ, ਗੱਡੀਆਂ ਬੱਸਾਂ ਤੇ ਫੈਕਟਰੀਆਂ ਦੇ ਧੂੰਏ ਤੇ ਕੈਮੀਕਲ ਦੇ ਰਿਸਾਵ ਦਾ ਪ੍ਰਦੂਸ਼ਣ ਆਦਿ ਬੰਦ ਹੋਣ ਕਾਰਨ ਸਾਰਾ ਵਾਤਾਵਰਨ ਸਾਹ ਲੈਣ ਦੇ ਕਾਬਲ ਬਣ ਚੁੱਕਾ ਹੈ। ਆਸਮਾਨ ਗੂੜੇ ਨੀਲੇ ਰੰਗ ਦਾ ਨਜ਼ਰ ਆਉਣ ਲੱਗ ਪਿਆ ਹੈ। ਇਸ ਪੰਜ ਦਰਿਆਵਾਂ ਦੀ ਧਰਤੀ ਦੇ ਪਵਿੱਤਰ ਪਾਣੀਆਂ ਵਿੱਚ ਇਨਸਾਨ ਵੱਲੋਂ ਜੋ ਗੰਦਗੀ ਤੇ ਕੈਮੀਕਲ ਆਦਿ ਵਾਲੇ ਪਲੀਤ ਪਾਣੀ ਮਿਲਾ ਕੇ ਦਰਿਆਵਾਂ ਦੇ ਪਾਣੀਆਂ ਨੂੰ ਦੂਸ਼ਿਤ ਕਰਕੇ ਪੀਣਯੋਗ ਨਹੀਂ ਰਹਿਣ ਦਿੱਤਾ ਸੀ, ਇਸ ਤਾਲਾਬੰਦੀ ਦੌਰਾਨ ਉਹ ਫਿਰ ਸਾਫ ਤੇ ਪਵਿੱਤਰ ਹੋਕੇ ਚਾਂਦੀ-ਰੰਗੇ ਬਣਕੇ ਕੁਦਰਤੀ ਤੌਰ ਤੇ ਵਗ ਰਹੇ ਹਨ। ਆਜ਼ਾਦ ਪੰਛੀਆਂ ਨੂੰ ਕੁਦਰਤ ਨਾਲ ਖੁੱਲਕੇ ਮਿਲਣ ਦਾ ਮਸਾਂ ਹੀ ਸਬੱਬ ਬਣਿਆ ਹੈ। ਜੀਵ ਜੰਤੂ ਕੁਦਰਤ ਦੀ ਸੁਹਾਵੀ ਗੋਦ ਦਾ ਆਨੰਦ ਮਾਣਨ ਵਿੱਚ ਮਸਤ ਹਨ, ਤੇ ਸ਼ਿਕਾਰੀ ਘਰੇਲੂ ਪਿੰਜ਼ਰਿਆਂ ਵਿਚ ਬੰਦ ਛਟਪਟਾ ਰਹੇ ਹਨ। ਮਹਿੰਗੇ ਰੈਸਟੋਰੈਂਟ ਤੇ ਸ਼ਾਪਿੰਗ ਮਾਲ ਉਜੜੇ ਜਾਪਦੇ ਹਨ। ਕੁਦਰਤ ਵੱਲੋਂ ਇਨਸਾਨੀਅਤ ਦੇ ਇਸ ਲਏ ਜਾ ਰਹੇ ਇਮਤਿਹਾਨ ਵਿਚ ਪੂਰੀ ਦੁਨੀਆਂ ਵਿਚ ਜਿੱਥੇ ਵੀ ਪੰਜਾਬੀ ਵਸਦੇ ਹਨ ਉਨ੍ਹਾਂ ਵੱਲੋਂ ਜਾਤ ਪਾਤ, ਅਮੀਰ-ਗ਼ਰੀਬ ਦਾ ਭੇਦ-ਭਾਵ ਮਿਟਾਕੇ ਲੋੜਵੰਦਾਂ ਦੀ ਮਦਦ ਕਰਕੇ, ਇਸ ਤਾਲਾਬੰਦੀ ਦੌਰਾਨ ਜਿੱਥੋਂ ਤੱਕ ਪਹੁੰਚ ਹੁੰਦੀ ਗਈ ਕਿਸੇ ਨੂੰ ਵੀ ਭੁੱਖੇ ਢਿੱਡ ਸੌਣ ਨਹੀਂ ਦਿੱਤਾ। ਜੋ ਨਾ ਭੁੱਲਾਉਣ ਦੇ ਕਾਬਿਲ ਹੈ। ਅੰਬਰਾਂ ਵਿਚ ਹਿੱਕ ਚੀਰਨੇ ਜਹਾਜ਼ ਸ਼ਾਂਤ ਚਿੱਤ ਗੂੜ੍ਹੀ ਨੀਂਦੇ ਹਨ, ਉਨ੍ਹਾਂ ਦੀ ਥਾਂ ਪੰਛੀ ਆਪਣੇ ਖੰਭ ਖਿਲਾਰੀ ਉਡਾਰੀਆਂ ਮਾਰ ਰਹੇ ਹਨ, ਭਾਵੇਂ ਸੰਸਾਰ ਵਿੱਚ ਅੱਜ ਕਿਧਰੇ ਵੀ ਜੰਗ ਨਹੀਂ ਹੋ ਰਹੀ, ਪਰ ਹਰ ਪਾਸੇ ਮੌਤ ਦਾ ਨੰਗਾ ਨਾਚ ਹੋ ਰਿਹਾ ਹੈ, ਲੋਥਾਂ ਦੀ ਇਹੋ ਜਿਹੀ ਬੇਅਦਬੀ ਤਾਂ ਸੰਸਾਰ ਜੰਗਾਂ ਦੌਰਾਨ ਵੀ ਨਹੀਂ ਹੋਈ ਸੀ। ਖਤਰਾ ਅਜੇ ਵੀ ਟਲਿਆ ਨਹੀਂ ਹੈ। ਸਮਾਜਿਕ ਦੂਰੀ ਬਣ ਕੇ ਬਣਾ ਕੇ ਰੱਖਣ ਦੀਆਂ ਸਰਕਾਰੀ ਅਪੀਲਾਂ ਨੂੰ ਮੁਡੀਹਰ ਵੱਲੋਂ ਅੱਜ ਵੀ ਟਿੱਚ ਜਾਣਿਆ ਜਾ ਰਿਹਾ ਹੈ। ਜਿਸ ਦੇ ਨਤੀਜੇ ਕਿਸੇ ਸਮੇਂ ਵੀ ਰੱਬ ਨਾ ਕਰੇ ਜਵਾਲਾਮੁਖੀ ਵਰਗੇ ਹੋ ਸਕਦੇ ਹਨ। ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਕਰੋਨਾ ਵਾਇਰਸ ਸਬੰਧੀ ਅਸੂਲਾਂ ਨੂੰ ਮੰਨਿਆ ਜਾਵੇ ਜਿਸ ਤਰ੍ਹਾਂ ਕਰੋਨਾ ਪੌਜ਼ਟਿਵ ਇਨਸਾਨ ਆਪਣੇ ਸੰਪਰਕ ਵਿਚ ਆਏ ਕਿਸੇ ਵੀ ਹੋਰ ਇਨਸਾਨ ਨੂੰ ਪਾਜੇ਼ਟਿਵ ਕਰ ਦਿੰਦਾ ਹੈ, ਠੀਕ ਇਸੇ ਤਰ੍ਹਾਂ ਪਰਮਾਤਮਾ ਵੱਲੋਂ ਸਾਨੂੰ ਇਸ ਤਾਲਾਬੰਦੀ ਦੌਰਾਨ ਪਾਜੇ਼ਟਿਵ ਅਨਰਜੀ ਦਿੱਤੀ ਹੈ, ਹੁਣ ਅਸੀਂ ਇਸ ਨੂੰ ਸੰਭਾਲ ਕੇ ਰੱਖੀਏ ਤੇ ਜ਼ਿੰਦਗੀ ਆਮ ਦੀ ਤਰ੍ਹਾਂ ਚੱਲਣ ਤੋਂ ਬਾਅਦ ਇਸ ਪਾਜੇਟਿਵ ਅਨਰਜੀ ਦਾ ਬੀਜ ਸਮਾਜ ਵਿਚ ਬੀਜ ਕੇ ਮੋਹ ਮੁਹੱਬਤ ਦਾ ਪਾਣੀ ਦੇਕੇ, ਇਸਨੂੰ ਵੱਡਾ ਕਰਕੇ ਇਕ ਨਰੋਆ ਅਤੇ ਸਿਹਤਮੰਦ ਸਮਾਜ ਸਿਰਜੀਏ। ਸਰਕਾਰ ਐਜੂਕੇਸ਼ਨ ਸਿਸਟਮ ਵਿੱਚ ਇਹ ਵਿਸ਼ਾ ਲਾਗੂ ਕਰਵਾਏ ਅਤੇ ਇਹੋ ਜਿਹੀਆਂ ਅਣਕਿਆਸੀਆਂ ਮਹਾਂਮਾਰੀਆਂ ਤੇ ਕਿਵੇਂ ਕਾਬੂ ਪਾਉਣਾ ਹੈ। ਬਹੁਤ ਲੋਕ ਇਹ ਸਮਝਦੇ ਹਨ ਕਿ ਸਰਕਾਰ ਸਾਡੇ ਲਈ ਕੁੱਝ ਨਹੀਂ ਕਰ ਰਹੀ, ਲੋਕ ਮਰ ਰਹੇ ਹਨ, ਪਰ ਦੂਜੇ ਪਾਸੇ ਅਮਰੀਕਾ ਵਰਗੇ ਦੇਸ਼ ਅੰਦਰ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ ਅਜਿਹਾ ਨਹੀਂ ਹੈ, ਗਰਾਊਡ ਜ਼ੀਰੋ ਤੇ ਜਾ ਕੇ ਦੇਖਿਆ ਕਿ ਸਾਰਾ ਸ਼ਾਸ਼ਨ ਤੇ ਪ੍ਰਸ਼ਾਸ਼ਨ ਅੱਜ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਵਾਸੀਆਂ ਲਈ ਦਿਨ ਰਾਤ ਇੱਕ ਕਰਕੇ ਸੇਵਾ ਵਿੱਚ ਲੱਗਾ ਹੋਇਆ ਹੈ। ਸੋ ਆਓ ਸਾਰੇ ਦੇਸ਼ ਵਾਸੀ ਰਲ ਮਿਲ ਇਹ ਫੈਸਲਾ ਕਰੀਏ ਕਿ ਦੇਸ਼ ਅੰਦਰ ਪੂਰੇ ਸਾਲ ਦਰਮਿਆਨ ਇੱਕ-ਇੱਕ ਹਫਤੇ ਦੇ ਚਾਰ ਲਾਕ ਡਾਊਨ ਸਰਕਾਰ ਲਾਜ਼ਮੀ ਤਹਿ ਕਰੇ ਤਾਂ ਜ਼ੋ ਅਸੀਂ ਕਦੇ ਵੀ ਅਜਿਹੀਆਂ ਮਹਾਂਮਾਰੀਆਂ ਦਾ ਸ਼ਿਕਾਰ ਹੋ ਕੇ ਆਪਣਿਆਂ ਤੋਂ ਦੂਰ ਨਾ ਹੋਈਏ, ਤੇ ਨਾ ਹੀ ਇਹ ਕਹਿਣਾ ਪਵੇ ਕਿ "ਇਹ ਕੈਸੀ ਰੁੱਤ ਆਈ ਨੀ ਮਾਂ" ਲੇਖਕ: ਜਗਜੀਤ ਸਿੰਘ ਕੰਡਾ ਕੋਟਕਪੂਰਾ ਮੋਬਾਇਲ 9646200468 ਪੇਸ਼ਕਸ਼: ਅਸ਼ੋਕ ਧੀਰ ਪੱਤਰਕਾਰ ਜੈਤੋ