ਕੋਰੋਨਾ ਤੋਂ ਵੱਧ ਖਤਰਨਾਕ ਹੈ ਨਫ਼ਰਤ ਦਾ ਜ਼ਹਿਰ

25

April

2020

ਸਮੁੱਚੇ ਵਿਸ਼ਵ ਦੇ ਨਾਲ ਭਾਰਤ ਵੀ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਨਾਲ ਕਰਾਹ ਰਿਹੈ। ਲੌਕਡਾਉਨ ਕਾਰਨ ਕਾਰੋਬਾਰ ਠੱਪ ਪਏ ਨੇ ਅਤੇ ਘਰਾਂ ਵਿਚ ਡੱਕੇ ਲੋਕ ਮੌਤ ਦੇ ਡਰੋਂ ਸਹਿਮੇ ਹੋਏ ਨੇ। ਸਾਰਾ ਦੇਸ਼ ਆਫਤ ਨਾਲ ਨਜਿੱਠਣ ਲਈ ਪੂਰੀ ਏਕਤਾ ਅਤੇ ਸਮਰਪਣ ਨਾਲ ਆਦੇਸ਼ਾਂ ਦਾ ਪਾਲਣ ਕਰ ਰਿਹੈ। ਮਹਾਂਮਾਰੀ ਦੇਸ਼ ਅੰਦਰ ਤੀਜੀ ਸਟੇਜ ਵੱਲ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਸਹੂਲਤਾਂ ਦੇ ਮਾੜੇ ਢਾਂਚੇ ਦੇ ਬਾਵਜੂਦ ਡਾਕਟਰ , ਨਰਸਾਂ ਅਤੇ ਸਹਿਯੋਗੀ ਸਟਾਫ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਦਿਨ ਰਾਤ ਇਕ ਕਰ ਰਹੇ ਨੇ। ਅਜੇਹੇ ਵਿਚ ਕੁੱਝ ਸ਼ਰਾਰਤੀ ਅਨਸਰ ਗੰਭੀਰ ਸੰਕਟ ਦੌਰਾਨ ਵੀ ਮਜ਼ਹਬੀ ਨਫਰਤ ਫੈਲਾਉਣ ਤੋਂ ਬਾਜ ਨਹੀਂ ਆ ਰਹੇ। ਬੀਤੇ ਦਿਨ ਗੁਰਦਾਸਪੁਰ ਦੇ ਬਲਵੰਡਾ ਪਿੰਡ ਵਿਚ ਕੁੱਝ ਫਿਰਕੂ ਅਨਸਾਰਾਂ ਨੇ ਤਬਲੀਗੀ ਜਮਾਤ ਦੇ ਨਾਮ ਤੇ ਪਰਚੇ ਸੁੱਟ ਕੇ ਅਫਵਾਹ ਫੈਲਾਈ ਕਿ ਜਮਾਤੀ ਘਰਾਂ ਦੇ ਦਰਵਾਜਿਆਂ ਤੇ ਥੁੱਕ ਕੇ ਕੋਰੋਨਾ ਫੈਲਾਅ ਰਹੇ ਨੇ। ਅਫਵਾਹ ਫੈਲਣ ਤੇ ਪੁਲਿਸ ਨੇ ਪੜਤਾਲ ਸ਼ੁਰੂ ਕਰਕੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ। ਪੰਜਾਬ ਵਿਚ ਸਭ ਭਾਈਚਾਰਿਆਂ ਦੇ ਲੋਕ ਮਿਲ ਕੇ ਵਾਇਰਸ ਨੂੰ ਹਰਾਉਣ ਲਈ ਯਤਨਸ਼ੀਲ ਨੇ । ਅਜਿਹੀਆਂ ਹਰਕਤਾਂ ਤੋਂ ਸਪੱਸ਼ਟ ਹੈ ਕਿ ਕੁੱਝ ਗੈਰਸਮਾਜੀ ਅਨਸਰ ਫਿਰਕੂ ਨਫ਼ਰਤ ਫੈਲਾਉਣ ਦੀਆਂ ਸਾਜਿਸ਼ਾਂ ਕਰ ਰਹੇ ਨੇ। ਮਕਸਦ ਵਿਚ ਤਾਂ ਉਹ ਕਦੇ ਸਫਲ ਨਹੀਂ ਹੋਏ, ਪਰ ਮਜ਼ਹਬੀ ਦੰਗੇ ਕਰਾਉਣ ਵਿਚ ਜਰੂਰ ਸਫਲ ਹੋ ਜਾਂਦੇ ਨੇ। ਭਾਈਚਾਰਕ ਸਾਂਝ ਦਾ ਪਿਛੋਕੜ : ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਾਰੇ ਭਾਰਤੀ ਇਕ ਆਵਾਜ਼ ਜੰਗ-ਏ-ਆਜ਼ਾਦੀ ਵਿਚ ਕੁੱਦੇ ਸਨ । ਮਿਲ ਕੇ ਸ਼ਹੀਦੀਆਂ ਪਾਈਆਂ ਅਤੇ ਕਾਲੇ ਪਾਣੀ ਵਰਗੀਆਂ ਸਖਤ ਜੇਲਾਂ ਵਿਚ ਸੜੇ ਸਨ। ਆਜ਼ਾਦੀ ਸਮੇਂ ਮਜਹਬੀ ਨਫਰਤ ਦੀ ਇੱਕੋ ਚਿੰਗਾੜੀ ਨੇ ਦੇਸ਼ ਦੇ ਦੋ ਟੁਕੜੇ ਕਰਕੇ ਭਾਰਤ ਪਾਕਿਸਤਾਨ ਬਣਾ ਦਿੱਤੇ, ਲੱਖਾਂ ਨਿਰਦੋਸ਼ ਮਾਰੇ ਗਏ। ਸਭ ਨੇ ਵੰਡ ਦਾ ਸੰਤਾਪ ਝੱਲਿਆ। ਬਾਅਦ ਵਿਚ ਉਸੇ ਅੱਗ ਚੋਂ ਬੰਗਲਾਦੇਸ਼ ਜਨਮਿਆ। ਜੇਕਰ ਇਹ ਨਫਰਤ ਦੀ ਚਿੰਗਾੜੀ ਨਾ ਧੁੱਖਦੀ ਤਾਂ ਭਾਰਤਵਰਸ਼ ਵਿਸ਼ਵ ਦੀ ਵੱਡੀ ਤਾਕਤ ਹੁੰਦਾ। ਅੱਜ ਤਿੰਨੋਂ ਦੇਸ਼ ਅਤਿ ਦੀ ਗਰੀਬੀ ਝੱਲ ਰਹੇ ਨੇ, ਪਰ ਮਜਹਬੀ ਨਫਰਤ ਤੋੰ ਅਜੇ ਵੀ ਬਾਜ ਨਹੀਂ ਆ ਰਹੇ। ਮਜਹੱਬੀ ਨਫਰਤ ਨਾਲ ਹੋਏ ਨਰਸੰਹਾਰ: ਧਰਮ ਦੇ ਨਾਮ ਤੇ ਭਾਈਚਾਰਿਆਂ ਵਿਚ ਉਪਜੀ ਨਫਰਤ ਨਾਲ ਭਾਰੀ ਨੁਕਸਾਨ ਹੁੰਦਾ ਆ ਰਿਹੈ।ਸਮਾਂ ਪਾ ਕੇ ਮਜਬੂਤ ਰਵਾਇਤੀ ਭਾਈਚਾਰਕ ਸਾਂਝ ਮੁੜ ਸਦਭਾਵਨਾ ਦਾ ਮਹੌਲ ਸਿਰਜ ਲੈਂਦੀ ਹੈ। ਉਦਾਹਰਣ ਵਜੋਂ ਅਜਿਹੀਆਂ ਕੁੱਝ ਵੱਡੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਯੋਗ ਹੋਏਗਾ। 1984 ਦਾ ਦਿੱਲੀ ਸਿੱਖ ਕਤਲੇਆਮ: 1984 ਵਿਚ ਦਰਬਾਰ ਸਹਿਬ ਤੇ ਫੌਜੀ ਹਮਲੇ ਅਤੇ ਦਿੱਲੀ ਅੰਦਰ ਸਿੱਖਾਂ ਦੇ ਕਤਲੇਆਮ ਅਤੇ ਅਗਜ਼ਨੀ ਦੌਰਾਨ ਹਜ਼ਾਰਾਂ ਸਿੱਖ ਮਾਰੇ ਗਏ ਅਤੇ ਬੇਹਿਸਾਬ ਤਬਾਹੀ ਹੋਈ। ਸਿੱਟੇ ਵਜੋਂ ਪੰਜਾਬ ਵਿਚ ਅੱਤਵਾਦ ਦੌਰਾਨ 25 ਹਜ਼ਾਰ ਦੇ ਕਰੀਬ ਨਿਰਦੋਸ਼ਾਂ ਦੀਆਂ ਜਾਨਾਂ ਗਈਆਂ। ਅੱਜ ਤਕ ਪੰਜਾਬ ਉੱਭਰ ਨਹੀਂ ਸਕਿਆ। ਸਮੇਂ ਨਾਲ ਨਫਰਤ ਘਟਦੀ ਗਈ ਅਤੇ ਵਿਸਵਾਸ਼ ਦੀਆਂ ਤੰਦਾਂ ਮਜ਼ਬੂਤ ਹੋਣ ਤੇ ਹਾਲਾਤ ਸਾਂਵੇ ਹੋਏ। ਬਾਬਰੀ ਮਸਜਿਦ ਵਿਵਾਦ: ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਚ ਰਾਮ ਮੰਦਿਰ-ਬਾਬਰੀ ਮਸਜਿਦ ਵਿਵਾਦ ਕਾਰਨ 1992 ਵਿਚ ਹੋਏ ਫਿਰਕੂ ਦੰਗਿਆਂ ਵਿਚ 900 ਵਿਅਕਤੀ ਮਾਰੇ ਗਏ ਅਤੇ ਭਾਰੀ ਮਾਲੀ ਨੁਕਸਾਨ ਹੋਇਆ । ਬਹੁਤ ਲੰਮਾ ਸਮਾਂ ਤਣਾਅ ਬਣਿਆ ਰਿਹਾ। ਕਰੀਬ 27 ਸਾਲ ਦੀ ਲੰਮੀ ਅਦਾਲਤੀ ਲੜਾਈ ਪਿੱਛੋਂ 9 ਨਵੰਬਰ 2019 ਨੂੰ ਸੁਪਰੀਮ ਕੋਰਟ ਦੇ ਫੈਸਲੇ ਨਾਲ ਮੁੱਦੇ ਦਾ ਨਿਪਟਾਰਾ ਹੋਇਆ ਅਤੇ ਪੈਦਾ ਹੋਈ ਤਲਖੀ ਅੰਤ ਸ਼ਾਂਤ ਹੋ ਚੁੱਕੀ ਹੈ। 2002 ਦੇ ਗੁਜਰਾਤ ਦੰਗੇ : ਗੋਦਰਾ ਰੇਲ ਅਗਨੀ ਕਾਂਡ ਪਿੱਛੋਂ ਗੁਜਰਾਤ ਵਿਚ ਭੜਕੇ ਭਿਆਨਕ ਦੰਗਿਆਂ ਵਿਚ ਸਰਕਾਰੀ ਰਿਪੋਰਟ ਅਨੁਸਾਰ 1044 ਲੋਕ ਮਾਰੇ ਗਏ, ਜਿਨ੍ਹਾਂ ਵਿਚ 790 ਮੁਸਲਮਾਨ ਅਤੇ 254 ਹਿੰਦੂ ਸਨ। ਕਈ ਏਜੰਸੀਆਂ ਵਲੋਂ 2000 ਦੇ ਕਰੀਬ ਮੌਤਾਂ ਦੇ ਅੰਦਾਜ਼ੇ ਲਾਏ ਗਏ। 500 ਦੇ ਕਰੀਬ ਧਾਰਮਿਕ ਸਥਾਨ ਸਾੜੇ ਗਏ। ਲੰਮਾ ਸਮਾਂ ਦੋਵੇਂ ਫਿਰਕਿਆਂ ਵਿੱਚ ਨਫਰਤ ਅਤੇ ਤਣਾਅ ਦਾ ਮਹੌਲ ਰਿਹਾ। ਅਦਾਲਤਾਂ ਵਿਚ ਲੰਮੀ ਖੱਜਲਖੁਆਰੀ ਪਿੱਛੋਂ ਵੀ ਕਈ ਲੋਕ ਇਨਸਾਫ ਤੋਂ ਵਾਂਝੇ ਵੀ ਰਹੇ ਹੋਣਗੇ। ਪਰ ਸਮਾਂ ਹਰ ਮਰਜ਼ ਦਾ ਦਾਰੂ ਹੁੰਦੈ, ਇਹ ਜਖਮ ਵੀ ਸਮੇਂ ਨਾਲ ਭਰੇ ਅਤੇ ਭਾਈਚਾਰਕ ਏਕਤਾ ਦੀ ਜਿੱਤ ਹੋਈ। ਮੌਜੂਦਾ ਦਿੱਲੀ ਦੰਗੇ: ਅੈਨਆਰਸੀ ਸ਼ੁਰੂ ਕਰਨ ਅਤੇ ਸੀਏਏ ਲਾਗੂ ਹੋਣ ਪਿੱਛੋਂ ਮੁਸਲਮਾਨ ਭਾਈਚਾਰੇ ਵਿਚ ਨਾਗਰਿਕਤਾ ਖੁੱਸ ਜਾਣ ਦਾ ਖੌਫ ਪੈਦਾ ਹੋਇਆ। ਵਿਰੋਧ ਵਿਚ ਪ੍ਰਦਰਸ਼ਨਾਂ ਦਾ ਤੂਫਾਨ ਸਾਰੇ ਦੇਸ਼ ਵਿਚ ਖੜ੍ਹਾ ਹੋ ਗਿਆ। ਕਾਲਜ ਅਤੇ ਯੂਨੀਵਰਸਿਟੀਆਂ ਵੀ ਅਛੂਤੀਆਂ ਨਾਂ ਰਹੀਆਂ । ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਵਿਚ ਅੌਰਤਾਂ ਦਾ ਲੰਮਾ ਸ਼ਾਂਤਮਈ ਅੰਦੋਲਨ ਹੋਇਆ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਨਫਰਤ ਅਤੇ ਮਜਹਬੀ ਜਜ਼ਬਾਤਾਂ ਨੂੰ ਖੂਬ ਭੜਕਾਇਆ ਗਿਆ।ਫੈਲੀ ਬੇਲੋੜੀ ਨਫਰਤ ਦੇ ਸਿੱਟੇ ਵਜੋਂ 24 ਤੋਂ 26 ਫਰਵਰੀ ਨੂੰ ਦੱਖਣੀ ਦਿੱਲੀ ਹਿੰਸਾ ਦੀ ਅੱਗ ਵਿਚ ਬਲ ਉੱਠੀ। ਕਤਲੇਆਮ ਅਤੇ ਅੱਗਜ਼ਨੀ ਵਿਚ 53 ਵਿਅਕਤੀ ਮਾਰੇ ਗਏ ਅਤੇ ਅਰਬਾਂ ਦੀ ਜਾਇਦਾਦ ਸੜ ਕੇ ਸੁਆਹ ਹੋ ਗਈ। ਮਰਨ ਵਾਲਿਆਂ ਵਿਚ 36 ਮੁਸਲਮਾਨ ਅਤੇ 15 ਹਿੰਦੂ ਭਾਈਚਾਰੇ ਨਾਲ ਸਬੰਧਤ ਸਨ। ਰਾਹਤ ਅਤੇ ਮੁੜ ਵਸੇਬਾ ਅਜੇ ਅਧੂਰਾ ਪਿਅੈ। ਕੋਰੋਨਾ ਦਾ ਕਹਿਰ ਸਿਖਰ 'ਤੇ: ਕੋਰੋਨਾਵਾਇਰਸ ਦੀ ਮਹਾਂਮਾਰੀ ਸਮੁੱਚੇ ਵਿਸ਼ਵ ਵਿਚ ਮਨੁੱਖਤਾ ਲਈ ਵੱਡਾ ਖਤਰਾ ਬਣ ਚੁੱਕੀ ਹੈ। ਦੁਨੀਆਂ ਵਿਚ ਮਰੀਜ਼ਾਂ ਦੀ ਗਿਣਤੀ 25 ਲੱਖ ਦੇ ਕਰੀਬ ਪੁੱਜ ਚੁੱਕੀ ਹੈ ਅਤੇ 60 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਨੇ। ਇਕੱਲੇ ਅਮਰੀਕਾ ਵਿਚ ਪੀੜਤਾਂ ਦਾ ਅੰਕੜਾ 9 ਲੱਖ ਦੇ ਕਰੀਬ ਹੈ ਅਤੇ 48 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਨੇ। ਸਪੇਨ, ਇਟਲੀ, ਫਰਾਂਸ , ਜਰਮਨੀ, ਇੰਗਲੈਂਡ ਸਮੇਤ ਬਹੁਤੇ ਦੇਸ਼ਾਂ ਵਿਚ ਭਿਆਨਕ ਤਬਾਹੀ ਜਾਰੀ ਹੈ। ਭਾਰਤ ਵਿਚ ਮਰੀਜ਼ਾਂ ਦੀ ਗਿਣਤੀ 22 ਹਜ਼ਾਰ ਕਰੀਬ ਹੈ ਅਤੇ ਮੌਤਾਂ 7 ਸੌ ਤੋਂ ਵੱਧ ਚੁੱਕੀਆਂ ਨੇ। ਪਹਿਲੇ 75 ਦਿਨ ਵਿਚ ਮਰੀਜ਼ਾਂ ਦਾ ਅੰਕੜਾ 10 ਹਜ਼ਾਰ, ਹੁਣ 8 ਦਿਨਾਂ ਵਿਚ ਹੀ 10 ਹਜ਼ਾਰ ਦਾ ਵਾਧਾ ਹੋਇਆ। ਪੰਜਾਬ ਵਿਚ ਮਰੀਜ਼ਾਂ ਦੀ ਗਿਣਤੀ 300 ਪਾਰ ਕਰ ਰਹੀ ਹੈ ਅਤੇ ਲੋਕਾਂ 17 ਦੀ ਮੌਤ ਹੋ ਚੁੱਕੀ ਹੈ। ਭਿਆਨਕ ਮੰਦੀ ਅਤੇ ਭੁਖਮਰੀ ਦਾ ਦੈੰਤ ਸਿਰ 'ਤੇ ਖੜੈ। ਭਾਰਤ ਵਿਚ ਪਲਾਜ਼ਮਾ ਥੈਰੇਪੀ ਅਤੇ ਅੈਮ ਡਬਲਿਊ ਵੈਕਸੀਨ ਦੇ ਟਰਾਇਲ ਤੋਂ ਚੰਗੇ ਨਤੀਜਿਆਂ ਦੀ ਆਸ ਬੱਝੀ ਹੈ। ਮਹਾਂਮਾਰੀ ਦੌਰਾਨ ਨਫਰਤ ਦੀ ਖੇਡ: ਮਹਾਂਮਾਰੀ ਨੂੰ ਠੱਲ ਪਾਉਣ ਲਈ ਸਰਕਾਰਾਂ ਸਾਰੇ ਵਸੀਲੇ ਵਰਤ ਰਹੀਆਂ ਨੇ। ਦੇਸ਼ ਦੇ ਅੱਗੇ ਵੱਡੀਆਂ ਚੁਣੌਤੀਆਂ ਦਾ ਖਤਰਾ ਵੀ ਮੰਡਰਾਅ ਰਿਹੈ। ਅਜਿਹੇ ਸਮੇਂ ਕੁੱਝ ਸ਼ਰਾਰਤੀ ਅਨਸਰ ਮਹੌਲ ਵਿਚ ਫਿਰਕੂ ਜਹਿਰ ਘੋਲਣ ਤੋਂ ਬਾਜ ਨਹੀਂ ਆ ਰਹੇ। ਲੌਕਡਾਊਨ ਕਾਰਨ ਕਈ ਥਾਵਾਂ ਤੇ ਬੇਬੱਸ ਲੋਕ ਇਕੱਠੇ ਫਸੇ ਰਹਿ ਗਏ। ਨਿਜਾਮੂਦੀਨ ਮਰਕਜ਼ ਵਿਚ 2631 ਮੁਸਲਮਾਨ, ਹਜੂਰ ਸਾਹਿਬ ਨੰਦੇੜ ਵਿਖੇ ਕਰੀਬ 4 ਹਜ਼ਾਰ ਸਿੱਖ ਸ਼ਰਧਾਲੂ, ਲਾਤੂਰ ਦੇ ਲਠੌਰਾ ਵਿਚ 1500 ਹਿੰਦੂ ਸ਼ਰਧਾਲੂ, ਫਗਵਾੜਾ ਦੀ ਲਵਲੀ ਯੂਨੀਵਰਸਿਟੀ ਵਿਚ 2500 ਵਿਦਿਆਰਥੀ ਅਤੇ ਦਿੱਲੀ ਦੇ ਮਜਨੂੰ ਕਾ ਟਿੱਲਾ ਗੁਰਦੁਆਰੇ ਵਿਚ 300 ਲੋਕ ਸਨ। ਮਰਕਜ਼ ਵਿਚ ਵਿਦੇਸ਼ੀਆਂ ਤੋਂ ਕਈ ਬੀਮਾਰੀ ਦਾ ਸ਼ਿਕਾਰ ਹੋ ਗਏ। ਜਮਾਤੀਆਂ ਕਾਰਨ ਕਈ ਰਾਜਾਂ ਵਿੱਚ ਸੈਂਕੜੇ ਪਾਜਿਟਿਵ ਕੇਸ ਸਾਹਮਣੇ ਆਏ। ਵੱਡੀ ਗਲਤੀ ਪ੍ਰਬੰਧਕਾਂ ਤੋਂ ਹੋਈ, ਪਰ ਪ੍ਰਸਾਸ਼ਨ ਨੇ ਵੀ ਜਾਣਕਾਰੀ ਦੇ ਬਾਵਜੂਦ ਮਰਕਜ਼ ਖਾਲੀ ਕਰਾਉਣ ਵਿਚ ਲਾਪਰਵਾਹੀ ਵਰਤੀ। ਕੁੱਝ ਲੋਕਾਂ ਦੀ ਗਲਤੀ ਕਾਰਨ ਸਮੁੱਚੇ ਭਾਈਚਾਰੇ ਨੂੰ ਦੋਸ਼ੀ ਕਰਾਰ ਦੇਣਾ ਵਾਜਿਬ ਨਹੀਂ। ਉਸ ਤੋਂ ਬਾਅਦ ਬੀਜੇਪੀ ਦੀ ਆਗੂ ਬਬੀਤਾ ਫੋਗਟ ਅਤੇ ਫਿਰਕੂ ਜਥੇਬੰਦੀਆਂ ਵਲੋਂ ਮੁਸਲਮਾਨਾਂ ਖਿਲਾਫ ਨਫਰਤ ਫੈਲਾਉਣ ਦੇ ਯਤਨ ਹੋਏ। ਕਈ ਰਾਜਾਂ ਵਿਚ ਰੇਹੜੀਆਂ ਤੇ ਸਬਜ਼ੀਆਂ/ਫਲ ਵੇਚਣ ਵਾਲੇ ਮੁਸਲਮਾਨਾਂ ਨੂੰ ਪ੍ਰੇਸ਼ਾਨ ਕਰਨ ਦੇ ਵੀਡੀਓ ਸਾਹਮਣੇ ਆਏ। ਹੱਦ ਉਦੋਂ ਹੋਈ ਜਦੋਂ ਮੀਡੀਆ ਦੇ ਇਕ ਵਰਗ ਵਲੋਂ ਕੋਰੋਨਾ ਫੈਲਾਉਣ ਦਾ ਸਾਰਾ ਦੋਸ਼ ਮੁਸਲਮਾਨ ਭਾਈਚਾਰੇ ਤੇ ਮੜ੍ਹਨਾ ਸ਼ੁਰੂ ਕਰ ਦਿਤਾ। ਸਾਰੇ ਭਾਈਚਾਰੇ ਦੀ ਦੇਸ਼ ਪ੍ਰਤੀ ਵਫਾਦਾਰੀ ਨੂੰ ਵੀ ਸ਼ੱਕੀ ਪ੍ਰਚਾਰਿਆ ਜਾ ਰਿਹੈ। ਭਾਈਚਾਰਾ ਮਜ਼ਬੂਤ ਕਰਨ ਦੀ ਲੋੜ : ਉਪਰੋਕਤ ਘਟਨਾਵਾਂ ਦਾ ਜ਼ਿਕਰ ਕਰਨ ਦਾ ਮਕਸਦ ਕਿਸੇ ਦੀ ਨੁਕਤਾਚੀਨੀ ਨਹੀਂ, ਸਗੋਂ ਇਹ ਯਾਦ ਕਾਰਉਣਾ ਹੈ ਕਿ ਹਮੇਸ਼ਾਂ ਮਜਹਬੀ ਦੰਗਿਆਂ ਪਿੱਛੋਂ ਸਮਾਂ ਪਾ ਕੇ ਭਾਈਚਾਰਕ ਸਾਂਝ ਮਜਬੂਤ ਹੋ ਕੇ ਨਿਕਲਦੀ ਰਹੀ ਹੈ। ਵਿਸ਼ਵ ਸਿਹਤ ਸੰਸਥਾ ਅਨੁਸਾਰ ਕੋਰੋਨਾ ਦਾ ਖਤਰਾ ਲੰਮਾ ਸਮਾਂ ਚੱਲ ਸਕਦੈ। ਗਰੀਬਾਂ ਨੂੰ ਰਾਸ਼ਨ ਅਤੇ ਸਾਮਾਨ ਪਹੁੰਚਾਉਣ ਦੇ ਯਤਨਾਂ ਦੇ ਬਾਵਜੂਦ ਭੁੱਖਮਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਦੇਸ਼ ਵਿਚ ਭਿਆਨਕ ਮੰਦੀ ਦੇ ਕਿਆਸੇ ਲੱਗ ਰਹੇ ਨੇ। ਭਵਿੱਖ ਵਿਚ ਮਾੜੀ ਸਥਿਤੀ ਨਾਲ ਨਿਪਟਣਾ ਇਕ ਵੱਡੀ ਚੁਣੌਤੀ ਹੋਵੇਗਾ। ਇਸ ਸਮੇਂ ਦੇਸ਼ ਵਿਚ ਮਜ਼ਬੂਤ ਭਾਈਚਾਰਕ ਸਾਂਝ ਅਤੇ ਵਿਸਵਾਸ਼ ਦੀ ਸਖਤ ਜ਼ਰੂਰਤ ਹੈ। ਅਜਿਹੀ ਸਥਿਤੀ ਵਿਚ ਨਫਰਤ ਫੈਲਾ ਕੇ ਆਪਸੀ ਸਦਭਾਵਨਾ ਦੇ ਮਹੌਲ ਨੂੰ ਖਰਾਬ ਕਰਨਾ ਬਹੁਤ ਵੱਡੀ ਗਲਤੀ ਸਾਬਤ ਹੋ ਸਕਦੀ ਹੈ। ਭਾਈਚਾਰਕ ਸਾਂਝ ਮਜ਼ਬੂਤ ਕਰਕੇ ਹੀ ਮਹਾਂਮਾਰੀ ਦੇ ਪ੍ਰਕੋਪ ਨੂੰ ਠੱਲਿਅਾ ਜਾ ਸਕਦੈ। ਸ਼ਾਇਰ ਮੁਜ਼ੱਫਰ ਨਜ਼ਮੀ ਨੇ ਸਹੀ ਲਿਖਿਐ: "ਯਹ ਜਬਰ ਭੀ ਦੇਖਾ ਹੈ, ਤਾਰੀਖ਼ ਕੀ ਨਜ਼ਰੋਂ ਨੇ, ਲਮਹੋਂ ਨੇ ਖਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ।" ਲੇਖਕ, ਦਰਸ਼ਨ ਸਿੰਘ ਸ਼ੰਕਰ ਜਿਲ੍ਹਾ ਲੋਕ ਸੰਪਰਕ ਅਧਿਕਾਰੀ ( ਰਿਟਾ.) ਮੋਬ: 9915836543