ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਕੋਰੋਨਾ ਮੁਕਤ ਹੋਣ ਤਕ ਜਾਰੀ ਰਹਿਣਗੇ ਇਹ ਆਦੇਸ਼

29

March

2020

ਫਿਰੋਜ਼ਪੁਰ : ਕੋਵਿਡ-19 ਕਾਰਨ ਪੈਦਾ ਹੋਏ ਐਮਰਜੈਂਸੀ ਵਰਗੇ ਹਾਲਾਤ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਹਰ ਉਪਰਾਲਾ ਕਰ ਰਹੀ ਹੈ। ਜਨਤਾ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਵੇ, ਇਸ ਦੇ ਲਈ ਸੂਬਾ ਸਰਕਾਰ ਪਹਿਲਾਂ ਹੀ ਸਾਰੇ ਡੀਸੀਜ਼ ਤੇ ਮੈਡੀਕਲ ਅਫ਼ਸਰਾਂ ਨੂੰ ਪੁਖ਼ਤਾ ਪ੍ਰਬੰਧ ਕਰਨ ਦੇ ਹੁਕਮ ਜਾਰੀ ਕਰ ਚੁੱਕੀ ਹੈ। ਇਸੇ ਹੁਕਮ ਤਹਿਤ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਐੱਸਐੱਮਓ ਅਵਿਨਾਸ਼ ਜਿੰਦਲ ਨੇ ਨਵਾਂ ਹੁਕਮ ਜਾਰੀ ਕੀਤਾ ਹੈ ਜਿਹੜਾ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਲਈ ਕਾਫ਼ੀ ਅਹਿਮ ਹੈ। ਐੱਸਐੱਮਓ ਮੁਤਾਬਿਕ ਇਸ ਯੋਜਨਾ ਅਧੀਨ ਡਿਲੀਵਰੀ, ਹਾਈ-ਰਿਸਕ ਡਿਲੀਵਰੀ, ਆਪ੍ਰੇਸ਼ਨ ਰਾਹੀਂ ਡਿਲੀਵਰੀ ਆਦਿ ਕੁਝ ਇਲਾਜ ਰਾਖਵੇਂ ਸਨ, ਨੂੰ ਰਾਖਵੀਂ ਸੂਚੀ 'ਚੋਂ ਹਟਾ ਦਿੱਤਾ ਗਿਆ ਹੈ। ਫਲਸਰੂਪ ਹੁਣ ਇਹ ਇਲਾਜ ਇਸੇ ਯੋਜਨਾ ਅਧੀਨ ਕਿਸੇ ਵੀ ਸੂਚੀਬੱਧ ਪ੍ਰਾਈਵੇਟ ਹਸਪਤਾਲ 'ਚੋਂ ਕਿਸੇ ਸਰਕਾਰੀ ਹਸਪਤਾਲ ਦੀ ਰੈਫਰ ਹਾਸਿਲ ਕਰੇ ਬਿਨਾਂ ਲਏ ਜਾ ਸਕਦੇ ਹਨ। ਇਸ ਸਬੰਧੀ ਵੇਰਵੇ ਸਹਿਤ ਹੁਕਮ ਵੈੱਬਸਾਈਟ www.shapunjab.in 'ਤੇ ਉਪਲਬਧ ਹਨ। ਜ਼ਿਕਰਯੋਗ ਹੈ ਕਿ ਇਹ ਇਲਾਜ ਉਸ ਸਮੇਂ ਤਕ ਰਾਖਵੀਂ ਸੂਚੀ 'ਚੋਂ ਬਾਹਰ ਰੱਖੇ ਜਾਣਗੇ ਜਦੋਂ ਤਕ ਕਿ ਸੂਬੇ ਨੂੰ ਕੋਵਿਡ-19 ਮੁਕਤ ਐਲਾਨ ਨਹੀਂ ਕੀਤਾ ਜਾਂਦਾ ਤੇ ਇਸ ਸਬੰਧੀ ਵਾਪਸੀ ਦੇ ਅਗਲੇ ਹੁਕਮ ਜਾਰੀ ਨਹੀਂ ਕੀਤੇ ਜਾਂਦੇ।