ਅਜਨਾਲਾ 'ਚ ਬਿਜਲੀ ਕਾਮਿਆਂ ਵੱਲੋਂ ਹੜਤਾਲ ਕਰਕੇ ਪਾਵਰਕਾਮ ਮੈਨੇਜਮੈਂਟ ਖਿਲਾਫ ਕੀਤਾ ਜ਼ੋਰਦਾਰ ਰੋਸ ਮੁਜ਼ਾਹਰਾ

19

March

2020

ਅਜਨਾਲਾ, 19 ਮਾਰਚ -ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਿ: ਵਲੋਂ ਪਾਵਰਕਾਮ ਕਾਮਿਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾਲ ਮੰਨੇ ਜਾਣ ਦੇ ਰੋਸ ਵਜੋਂ ਅੱਜ ਜੁਆਇੰਟ ਫੋਰਮ ਦੇ ਸੱਦੇ ਤੇ ਪਾਵਰਕਾਮ ਕਾਰਪੋਰੇਸ਼ਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਹੜਤਾਲ ਕਰਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ।ਇਸ ਮੌਕੇ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸਰਕਲ ਸਬ-ਅਰਬਨ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਨਿੱਕੋਸਰਾਏ, ਐਮ.ਐਸ.ਯੂ ਦੇ ਮੰਡਲ ਪ੍ਰਧਾਨ ਪਰਦੀਪ ਸਿੰਘ ਭੁੱਲਰ ਅਤੇ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਮੰਡਲ ਪ੍ਰਧਾਨ ਪਤਰਸ ਮਸੀਹ ਨੇ ਕਿਹਾ ਕਿ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਮੈਨੇਜਮੈਂਟ ਵੱਲੋਂ ਟੈਕਨੀਕਲ ਅਤੇ ਕਲੈਰੀਕਲ ਬਿਜਲੀ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਜੁਆਇੰਟ ਫੋਰਮ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਬਿਜਲੀ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਤੇ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਕਾਰਨ ਪੰਜਾਬ ਭਰ ਦੇ ਬਿਜਲੀ ਕਾਮਿਆਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਪਾਵਰਕਾਮ ਮੈਨੇਜਮੈਂਟ ਕੋਲੋਂ ਮੰਗ ਕਰਦਿਆਂ ਕਿਹਾ ਕਿ ਨਵ-ਨਿਯੁਕਤ ਬਿਜਲੀ ਕਰਮਚਾਰੀਆਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਦੇਣ ਅਤੇ ਮਹਿੰਗਾਈ ਭੱਤੇ ਦੀਆਂ ਰੁਕੀਆਂ ਹੋਈਆਂ ਕਿਸ਼ਤਾਂ ਦੀ ਅਦਾਇਗੀ ਤੁਰੰਤ ਕਰਨ ਤੋਂ ਹੋਰਨਾਂ ਹੱਕੀ ਮੰਗਾਂ ਦਾ ਹੱਲ ਤੁਰੰਤ ਕੀਤਾ ਜਾਵੇ। ਉਕਤ ਆਗੂਆਂ ਨੇ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਨਾਂ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਆਗੂ ਗੁਰਮੀਤ ਸਿੰਘ ਮੁਕਾਮ, ਪਰਮਜੀਤ ਸਿੰਘ ਭਿੰਡਰ, ਜੇ.ਈ ਪਵਨ ਕੁਮਾਰ, ਜੇ.ਈ ਦਲਜੀਤ ਸਿੰਘ, ਬਿਕਰਮਜੀਤ ਸਿੰਘ ਦਿਆਲਪੁਰਾ, ਮਨਜੀਤ ਸਿੰਘ ਫੁੱਲੇਚੱਕ, ਰਣਜੀਤ ਸਿੰਘ ਪੰਡੋਰੀ, ਅਰੁਣ ਕੁਮਾਰ ਅਤੇ ਕੁਲਵੰਤ ਸਿੰਘ ਰਿਆੜ ਸਮੇਤ ਵੱਡੀ ਗਿਣਤੀ 'ਚ ਬਿਜਲੀ ਕਰਮਚਾਰੀ ਹਾਜ਼ਰ ਸਨ।