ਹੋਲਾ-ਮਹੱਲਾ ਮਨਾ ਕੇ ਪਰਤ ਰਹੇ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਤਬਦੀਲ, ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਹੋਇਆ ਹਾਦਸਾ

11

March

2020

ਜਲੰਧਰ : ਬੀਤੀ ਦੇਰ ਰਾਤ ਅਨੰਦਪੁਰ ਸਾਹਿਬ ਹੋਲੇ-ਮਹੱਲੇ ਦੀਆਂ ਖੁਸ਼ੀਆਂ ਮਨਾ ਕੇ ਵਾਪਸ ਆ ਰਹੇ ਇਕ ਪਰਿਵਾਰ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ 'ਚ ਬਦਲ ਗਈਆਂ ਜਦੋਂ ਛੋਟੇ ਹਾਥੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸਾ ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਸਥਿਤ ਸੀਜੇਐੱਸ ਪਬਲਿਕ ਸਕੂਲ ਨੇੜੇ ਵਾਪਰਿਆ। ਇਸ ਦੌਰਾਨ ਛੋਟਾ ਹਾਥੀ ਪਲਟ ਗਿਆ ਤੇ ਇਕ ਔਰਤ ਦੀ ਮੌਤ ਹੋ ਗਈ ਤੇ ਬਾਕੀ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਨ ਗਵਾਉਣ ਵਾਲੀ ਔਰਤ ਦੀ ਪਛਾਣ ਅੰਮ੍ਰਿਤਸਰ ਨਿਵਾਸੀ ਸਰਬਜੀਤ ਕੌਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਜਦੋਂ ਛੋਟੇ ਹਾਥੀ ´ਚ ਸਵਾਰ ਇੱਕੋ ਪਰਿਵਾਰ ਦੇ ਮੈਂਬਰ ਸ੍ਰੀ ਅਨੰਦਪੁਰ ਸਾਹਿਬ ਤੋਂ ਨਾਲ ਹੋਲਾ-ਮਹੱਲਾ ਮਨਾ ਕੇ ਆਪਣੇ ਘਰ ਅੰਮ੍ਰਿਤਸਰ ਜਾ ਰਹੇ ਸਨ ਤਾਂ ਜਲੰਧਰ ਦੇ ਸੀ ਜੇ ਐੱਸ ਪਬਲਿਕ ਸਕੂਲ ਨਜ਼ਦੀਕ ਪੁੱਜੇ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਵੱਲੋਂ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਛੋਟਾ ਹਾਥੀ ਪਲਟੀਆਂ ਖਾਂਦਾ ਹੋਇਆ ਘੁੰਮ ਕੇ ਦੂਸਰੀ ਦਿਸ਼ਾ ਵਲ ਜਾ ਡਿੱਗਾ। ਉਸ ਵਿਚ ਸਵਾਰ ਸ਼ਰਧਾਲੂ ਤਕਰੀਬਨ 150-200 ਫੁੱਟ ਦੀ ਦੂਰੀ 'ਤੇ ਜਾ ਡਿੱਗੇ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਉਹ ਨਜ਼ਦੀਕ ਲਿਦੜਾ ਪਿੰਡ ਲਾਗੇ ਲੰਗਰ ਤੋਂ ਸੇਵਾ ਕਰਕੇ ਵਾਪਸ ਪਰਤ ਰਿਹਾ ਸੀ ਤਾਂ ਇ ਦਮ ਉਸ ਨੇ ਧਮਾਕੇ ਦੀ ਆਵਾਜ਼ ਸੁਣੀ। ਉੇਸਿ ਨੇ ਦੇਖਿਆ ਕਿ ਛੋਟੇ ਹਾਥੀ 'ਚੋਂ ਲੋਕ ਦੂਰ-ਦੂਰ ਜਾ ਡਿੱਗੇ ਤੇ ਟੱਕਰ ਮਾਰਨ ਤੋਂ ਬਾਅਦ ਕਾਰ ਤਕਰੀਬਨ ਸੌ ਮੀਟਰ ਦੀ ਦੂਰੀ 'ਤੇ ਜਾ ਕੇ ਰੁਕੀ। ਕਾਰ ਸਵਾਰ ਚਾਰ ਵਿਅਕਤੀ ਮੌਕਾ ਦੇਖਦੇ ਹੋਏ ਉੱਥੋਂ ਫਰਾਰ ਹੋ ਗਏ। ਉਸ ਨੇ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ। ਹਾਦਸੇ ਦੌਰਾਨ ਦੋਵਾਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਚਾਲਕ ਵੱਲੋਂ ਨਸ਼ਾ ਕੀਤਾ ਹੋਇਆ ਸੀ ਤੇ ਉਸ ਦੀ ਕਾਰ 'ਚ ਇਕ ਸ਼ਰਾਬ ਦੀ ਬੋਤਲ ਵੀ ਪਈ ਹੋਈ ਸੀ। ਹਾਦਸੇ ਉਪਰੰਤ ਲੰਮਾ ਜਾਮ ਲੱਗ ਗਿਆ। ਥਾਣਾ ਡਵੀਜ਼ਨ 1ਦੀ ਪੁਲਿਸ ਵੱਲੋਂ ਮੌਕੇ 'ਤੇ ਪੁੱਜ ਕੇ ਦੋਵਾਂ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰਵਾਈ। ਪੁਲਿਸ ਵੱਲੋਂ ਦੋਵਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਥਾਣਾ ਡਵੀਜ਼ਨ 1 ਦੇ ਮੁਖੀ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਵਾਹਨ 'ਚੋਂ ਮਿਲੇ ਕਾਗਜ਼ਾਤ ਅਨੁਸਾਰ ਐਂਡੇਵਰ ਕਾਰ ਮਾਲਕ ਜਸਵਿੰਦਰ ਸਿੰਘ, ਨਾਹਲ ਪੋਲਟਰੀ ਫਾਰਮ, ਪਿੰਡ ਹਸਨ ਮੰਡਾ, ਪੋਸਟ ਆਫਿਸ ਕਰਤਾਰਪੁਰ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟੈਲੀਫੋਨ ਰਾਹੀਂ ਸੰਪਰਕ ਕੀਤਾ ਗਿਆ ਸੀ ਪਰ ਉਨ੍ਹਾਂ ਵੱਲੋਂ ਟੈਲੀਫੋਨ ਸੁਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਪਾਰਟੀ ਭਾਲ ਕਰ ਰਹੀ ਹੈ। ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਮੌਕੇ 'ਤੇ ਪਹੁੰਚੀ। ਘਟਨਾ ਨੂੰ ਅੰਜਾਮ ਦੇਣ ਵਾਲਾ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਦੇਰ ਰਾਤ ਤਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ। ਜ਼ਖ਼ਮੀ ਵਿਅਕਤੀਆਂ ਦੀ ਹੋਈ ਪਛਾਣ ਜ਼ਖ਼ਮੀ ਵਿਅਕਤੀਆਂ ਦੀ ਪਛਾਣ ਬੱਚਾ ਜੈਦੀਪ ਸਿੰਘ, ਬੱਚਾ ਕਰਨ, ਬੱਚਾ ਪ੍ਰਭਜੀਤ, ਜੋਤੀ, ਅੰਮ੍ਰਿਤਪਾਲ ਸਿੰਘ, ਯੁਵਰਾਜ ਸਿੰਘ, ਕੁਲਵਿੰਦਰ ਕੌਰ, ਰਣਜੀਤ ਸਿੰਘ, ਕੁਲਦੀਪ ਕੌਰ ,ਕਰਮਜੀਤ ਸਿੰਘ ਆਦਿ ਸਾਰੇ ਵਾਸੀ ਪਿੰਡ ਚੱਬਾ ਤਰਨਤਾਰਨ ਰੋਡ ਨਜ਼ਦੀਕ ਬਾਬਾ ਨੋਹਰ ਸਿੰਘ ਦੀ ਸਮਾਧ, ਅੰਮ੍ਰਿਤਸਰ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਇਕ ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਦਕਿ ਇਕ ਹੋਰ ਬੱਚਾ ਪੂਰੀ ਤਰ੍ਹਾਂ ਸੁਰੱਖਿਅਤ ਹੈ।