ਨਵਜੋਤ ਸਿੰਘ ਸਿੱਧੂ ਦੇ 'ਆਪ' 'ਚ ਜਾਣ ਲਈ ਤਿਆਰ ਹੋ ਰਹੀ ਹੈ ਜ਼ਮੀਨ

22

February

2020

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ਭਾਰੀ ਬਹੁਮੱਤ ਨਾਲ ਜਿੱਤਣ ਤੋਂ ਬਾਅਦ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਤੇ ਕਾਂਗਰਸ ਦੇ ਬਦਲ ਵਜੋਂ ਵੇਖਿਆ ਜਾ ਰਿਹਾ ਹੈ। ਪਰ ਦਿੱਕਤ ਹੈ ਲੀਡਰਸ਼ਿਪ ਦੀ। ਪਾਰਟੀ ਨੂੰ ਸੱਤਾ ਤਕ ਕੌਣ ਲੈ ਕੇ ਜਾਵੇਗਾ। ਇਸ ਦੇ ਲਈ ਜੋ ਸਭ ਤੋਂ ਵੱਡਾ ਨਾਂ ਚੱਲ ਰਿਹਾ ਹੈ ਉਹ ਹੈ ਨਵਜੋਤ ਸਿੰਘ ਸਿੱਧੂ ਦਾ। ਸਿੱਧੂ ਏਨੀ ਦਿਨੀਂ ਕਾਂਗਰਸ ਦੇ ਹਾਸ਼ੀਏ 'ਤੇ ਲੱਗੇ ਹੋਏ ਹਨ। ਉਨ੍ਹਾਂ ਦੇ ਕਰੀਬੀ ਪਰਗਟ ਸਿੰਘ ਨੇ ਜਿਸ ਤਰ੍ਹਾਂ ਚਾਰ ਪੰਨਿਆਂ ਦਾ ਪੱਤਰ ਲਿਖ ਕੇ ਮੁੱਖ ਮੰਤਰੀ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕੇ ਹਨ ਉਸ ਤੋਂ ਸਾਫ਼ ਸੰਕੇਤ ਮਿਲ ਰਹੇ ਹਨ ਕਿ ਸਿੱਧੂ ਕਿਸੇ ਵੀ ਵੇਲੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਿੱਧੂ ਨੂੰ ਆਮ ਆਦਮੀ ਪਾਰਟੀ 'ਚ ਲੈ ਕੇ ਕੌਣ ਜਾਵੇਗਾ। ਕੀ 'ਆਪ' ਸਿੱਧੂ ਵੱਲ ਖੁਦ ਹੱਥ ਵਧਾਏਗੀ ਜਾਂ ਸਿੱਧੂ ਖੁਦ ਅੱਗੇ ਜਾਣਗੇ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਇਸ ਗੱਲ ਦੀਆਂ ਸੰਭਾਵਨਾਵਾਂ ਬਹੁਤ ਘੱਟ ਲਗਦੀਆਂ ਹਨ ਕਿ ਸਿੱਧੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਗੇ ਤੇ ਦੂਜਾ ਇਹ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਦੋਵਾਂ ਮੁੱਖ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਬਦਲ ਦੇ ਰੂਪ 'ਚ ਉੱਭਰ ਸਕਦੀ ਹੈ। ਇੰਸਟੀਚਿਊਟ ਆਫ ਡਿਵੈਲਪਮੈਂਟ ਕਮਿਊਨੀਕੇਸ਼ਨ ਦੇ ਡਾਇਰੈਕਟਰ ਡਾ. ਪ੍ਰਮੋਦ ਕੁਮਾਰ ਦਾ ਮੰਨਣਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਆਪ 'ਚ ਸ਼ਾਮਲ ਹੋ ਵੀ ਜਾਂਦੇ ਹਨ ਤਾਂ ਪੰਜਾਬ ਦਾ ਇਸ 'ਚ ਕੀ ਭਲਾ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਦੇ ਆਪ 'ਚ ਜਾਣ ਨਾਲ ਛੇ ਮਹੀਨੇ ਤਕ ਮੀਡੀਆ 'ਚ ਖ਼ਬਰਾਂ ਜ਼ਰੂਰ ਲੱਗਣਗੀਆਂ ਪਰ ਆਮ ਆਦਮੀ ਪਾਰਟੀ ਨੇ ਪਿਛਲੇ ਸਮੇਂ 'ਚ ਨਾ ਤਾਂ ਪੰਜਾਬ 'ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਈ ਹੈ ਤੇ ਨਾ ਹੀ ਪਾਰਟੀ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ ਹੈ। ਸਗੋਂ ਜਿੰਨੇ ਚੰਗੇ ਲੋਕ ਆਏ ਸਨ ਉਹ ਵੀ ਟੁੱਟ ਕੇ ਚਲੇ ਗਏ। ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਪਾਰਟੀ ਬਾਕੀ ਪਾਰਟੀਆਂ ਵਾਂਗ ਹੀ ਦੇਖੀ ਜਾਣ ਲੱਗ ਪਈ ਹੈ। ਮਾਲਵਿੰਦਰ ਸਿੰਘ ਮਾਲੀ ਦਾ ਮੰਨਣਾ ਹੈ ਕਿ ਸਿੱਧੂ ਦੇ ਆਪ 'ਚ ਜਾਣ ਦੀਆਂ ਅਫਵਾਹਾਂ ਨੂੰ ਜਾਣਬੁੱਝ ਕੇ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ 'ਚ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ 'ਤੇ ਫੇਰਬਦਲ ਹੋਣੇ ਹਨ। ਸਿੱਧੂ ਇਸ ਦਾ ਇੰਤਜਾਰ ਕਰ ਰਹੇ ਹਨ। ਦੂਜਾ, ਉਨ੍ਹਾਂ ਨੂੰ ਪਾਰਟੀ 'ਚੋਂ ਆਉਣ ਕੌਣ ਦੇਵੇਗਾ? ਭਗਵੰਤ ਮਾਨ ਤੇ ਹਰਪਾਲ ਚੀਮਾ ਅਜਿਹਾ ਨਹੀਂ ਹੋਣ ਦੇਣਗੇ। ਭਗਵੰਤ ਮਾਨ ਪਹਿਲਾਂ ਹੀ ਇਕ-ਇਕ ਕਰਕੇ ਸਾਰੇ ਚੰਗੇ ਨੇਤਾਵਾਂ ਨੂੰ ਬਾਹਰ ਕਰ ਚੁੱਕੇ ਹਨ। ਨਵਜੋਤ ਸਿੰਘ ਸਿੱਧੂ ਸਾਰੇ ਗੁਆਂਢੀ ਦੇਸ਼ਾਂ ਨਾਲ ਸਹਿਯੋਗ ਵਾਲਾ ਰਸਤਾ ਅਪਣਾ ਕੇ ਫੈਡਰਲ ਸਿਸਟਮ ਬਣਾਉਣਾ ਚਾਹੁੰਦੇ ਹਨ ਜਦਕਿ ਆਮ ਆਦਮੀ ਪਾਰਟੀ ਦਾ ਇਹ ਏਜੰਡਾ ਨਹੀਂ ਹੈ। ਦਿੱਲੀ ਤੇ ਪੰਜਾਬ ਦੀ ਸਿਆਸਤ 'ਚ ਬਹੁਤ ਅੰਤਰ ਹੈ। ਆਪ ਨੇ ਆਪਣੀ ਸਿਆਸੀ ਸ਼ੁਰੂਆਤ ਵਿਵਸਥਾ ਬਦਲਣ ਤੋਂ ਕੀਤੀ ਸੀ ਪਰ ਹੁਣ ਉਹ ਮੁਫਤ ਸਿੱਖਿਆ, ਬਿਜਲੀ ਪਾਣੀ ਵਰਗੇ ਮੁੱਦੇ ਉਭਾਰ ਕੇ ਸੱਤਾ 'ਚ ਪਰਤੀ ਹੈ। ਇਹੀ ਨੀਤੀਆਂ ਰਵਾਇਤੀ ਪਾਰਟੀਆਂ ਦੀ ਹੈ। ਸਿਆਸਤ 'ਤੇ ਨਜ਼ਰ ਰੱਖਣ ਵਾਲੇ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਨਵਜੋਤ ਸਿੰਘ ਸਿੱਧੂ ਕਿਸੇ ਵੀ ਕੀਮਤ 'ਤੇ ਆਮ ਆਦਮੀ ਪਾਰਟੀ 'ਚ ਨਹੀਂ ਜਾਣਗੇ। ਆਪ ਦੇ ਐੱਮਪੀ ਭਗਵੰਤ ਮਾਨ ਦੇ ਸਿੱਧੂ ਦੇ ਆਉਣ ਬਾਰੇ ਸਵਾਲ 'ਤੇ ਜਵਾਬ ਸੁਣ ਕੇ ਤਾਂ ਕੋਈ ਵੀ ਨਹੀਂ ਕਹਿ ਸਕਦਾ ਕਿ ਉਹ ਸਿੱਧੂ ਨੂੰ ਪਾਰਟੀ 'ਚ ਆਉਣ ਦੇਣਗ। ਸੀਐੱਮ ਦੀ ਕੁਰਸੀ ਦੇ ਭਰੋਸੇ ਤੋਂ ਘੱਟ ਗੱਲ ਨਹੀਂ ਬਣੇਗੀ। ਪਰ ਇਹ ਭਰੋਸਾ ਦੇਵੇਗਾ ਕੌਣ? ਇਸ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ, ਸੁਖਪਾਲ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਘੁੱਗੀ ਵਰਗੇ ਆਗੂਆਂ ਦਾ ਭਗਵੰਤ ਮਾਨ ਨੇ ਕੀ ਹਾਲ ਕੀਤਾ, ਇਹ ਸਾਰਿਆਂ ਨੂੰ ਪਤਾ ਹੈ। ਮੈਨੂੰ ਨਹੀਂ ਲੱਗਦਾ ਕਿ ਅਜਿਹੀ ਗਲਤੀ ਨਵਜੋਤ ਸਿੰਘ ਸਿੱਧੂ ਕਰਨਗੇ।