ਦੋ ਧਿਰਾਂ ਵਿੱਚ ਝਗੜੇ ਕਾਰਨ ਚਾਰ ਜ਼ਖ਼ਮੀ

12

October

2018

ਲਾਲੜੂ, ਪਿੰਡ ਝਰਮੜੀ ਵਿੱਚ ਅੱਜ ਸਵੇਰੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਗੁਆਂਢੀ ਪਰਿਵਾਰਾਂ ਵਿੱਚ ਝਗੜਾ ਹੋ ਗਿਆ ਤੇ ਦੋ ਔਰਤਾਂ ਸਮੇਤ ਚਾਰ ਵਿਅਕਤੀ ਗੰਭੀਰ ਫੱਟੜ ਹੋ ਗਏ। ਉਹ ਸਿਵਲ ਹਸਪਤਾਲ ਡੇਰਾਬਸੀ ਵਿੱਚ ਜ਼ੇਰੇ ਇਲਾਜ ਹਨ। ਇਨ੍ਹਾਂ ਵਿਚੋਂ ਇਕ ਵਿਅਕਤੀ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੋਣ ਕਾਰਨ ਉਸ ਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕੀਤਾ ਦਿੱਤਾ ਹੈ। ਪੁਲੀਸ ਜ਼ਖ਼ਮੀਆਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਡੇਰਾਬਸੀ ਸਿਵਲ ਹਸਪਤਾਲ ਵਿੱਚ ਦਾਖਲ ਇਕ ਧੜੇ ਦੇ ਸਾਹਿਲ ਅਤੇ ਉਸ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਮਾਤਾ ਸ਼ਾਂਤੀ ਦੇਵੀ ਵਾਸੀ ਝਰਮੜੀ ਨੂੰ ਕਾਫੀ ਸੱਟਾਂ ਵੱਜੀਆਂ ਹਨ ਜਦੋਂ ਕਿ ਦੂਜੇ ਧੜੇ ਦੇ ਹਰਮੇਸ਼ ਦੀ 42 ਸਾਲਾਂ ਦੀ ਪਤਨੀ ਗੁਡੋ ਵੀ ਹਸਪਤਾਲ ਵਿੱਚ ਦਾਖਲ ਹੈ। ਜ਼ਖਮੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਕਾਕਾ ਅਤੇ ਹਰਮੇਸ਼ ਦੇ ਪਰਿਵਾਰ ਵਾਲਿਆਂ ਦੀ ਰੇਤ ਤੇ ਬਜਰੀ ਪਿਛਲੇ ਚਾਰ ਮਹੀਨੇ ਤੋਂ ਸੜਕ ਨੇੜੇ ਪਈ ਹੈ ਜਿਸ ਕਾਰਨ ਨਾਲੀ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸੀ। ਕਈ ਵਾਰ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਰੇਤ ਤੇ ਬਜਰੀ ਨਹੀਂ ਹਟਾਈ। ਅੱਜ ਸਵੇਰੇ ਹੋਈ ਬਰਸਾਤ ਕਾਰਨ ਪਾਣੀ ਓਵਰਫਲੋ ਹੋ ਕੇ ਉਨ੍ਹਾਂ ਦੇ ਵਿਹੜੇ ਵਿੱਚ ਆ ਗਿਆ ਤੇ ਉਨ੍ਹਾਂ ਨੇ ਇਸ ਸਬੰਧੀ ਇਤਰਾਜ਼ ਜਤਾਇਆ। ਇਸੇ ਦੌਰਾਨ ਗੁਆਂਢੀਆਂ ਨੇ ਡੰਡੇ ਅਤੇ ਰਾਡਾ ਲੈ ਕੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਤੇ ਸ਼ਾਂਤੀ ਦੇਵੀ ਨੂੰ ਗੰਭੀਰ ਸੱਟਾਂ ਲੱਗੀਆਂ। ਦੂਜੇ ਪਾਸੇ ਕਾਕੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਡੰਡੇ ਤੇ ਰਾਡ ਨਾਲ ਹਮਲਾ ਜੀਤ ਰਾਮ ਦੇ ਪਰਿਵਾਰ ਨੇ ਕੀਤਾ ਹੈ। ਲਾਲੜੂ ਪੁਲੀਸ ਨੇ ਜ਼ਖ਼ਮੀਆਂ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।