ਚੀਨ 'ਚ ਦੂਸਰੇ ਡਾਕਟਰ ਦੀ ਮੌਤ, ਵੁਹਾਨ 'ਚ ਹਸਪਤਾਲ ਦੇ ਡਾਇਰੈਕਟਰ ਦੀ ਮੌਤ

18

February

2020

ਨਵੀਂ ਦਿੱਲੀ : ਵੁਹਾਨ ਦੇ ਇਕ ਪ੍ਰਮੁੱਖ ਹਸਪਤਾਲ ਦੇ ਡਾਇਰੈਕਟਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਨਿਊਜ਼ ਏਜੰਸੀ ਰਾਇਟਰਜ਼ ਨੇ ਸਟੇਟ ਟੈਲੀਵਿਜ਼ਨ ਦੇ ਹਵਾਲੇ ਤੋਂ ਦੱਸਿਆ ਕਿ ਵੁਹਾਨ ਵੁਚਾਂਗ ਹਸਪਤਾਲ ਦੇ ਡਾਇਰੈਕਟਰ ਲਿਊ ਝਿਮਿੰਗ ਦੀ ਸਵੇਰੇ ਸਾਢੇ 10 ਵਜੇ ਮੌਤ ਹੋ ਗਈ। ਇਸ ਵਾਇਰਸ ਦੇ ਸੰਕ੍ਰਮਣ ਨਾਲ ਮਰਨ ਵਾਲੇ ਉਹ ਦੂਸਰੇ ਡਾਕਟਰ ਹਨ। ਇਸ ਤੋਂ ਪਹਿਲਾਂ ਲੀ ਵੇਨਲਿਆਨਗ ਦੀ ਮੌਤ ਹੋ ਗਈ ਸੀ। ਉਨ੍ਹਾਂ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਸਬੰਧੀ ਚਿਤਾਵਨੀ ਜਾਰੀ ਕੀਤੀ ਸੀ। ਇਸ ਲਈ ਉਨ੍ਹਾਂ 'ਤੇ ਕਾਰਵਾਈ ਵੀ ਹੋਈ ਸੀ। ਚੀਨ 'ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਮੰਗਲਵਾਰ ਨੂੰ 1800 ਤੋਂ ਜ਼ਿਆਦਾ ਹੋ ਗਈ। ਵਾਇਰਸ ਦੇ ਕੇਂਦਰ ਹੁਬੇਈ ਸੂਬੇ 'ਚ 93 ਹੋਰ ਲੋਕਾਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਏਐੱਫਪੀ ਅਨੁਸਾਰ ਆਪਣੀ ਦੈਨਿਕ ਰਿਰੋਪਰਟ 'ਚ ਸੂਬੇ ਦੇ ਮੈਡੀਕਲ ਕਮਿਸ਼ਨ ਨੇ 1807 ਨਵੇਂ ਮਾਮਲਿਆਂ ਦੀ ਸੂਚਨਾ ਦਿੱਤੀ। ਸੋਮਵਾਰ ਨੂੰ ਨਵੇਂ ਮਾਮਲਿਆਂ ਦੀ ਗਿਣਤੀ 'ਚ ਗਿਰਾਵਟ ਦਰਜ ਕੀਤੀ ਗਈ। ਚੀਨ 'ਚ 72,435 ਲੋਕ ਇਸ ਨਾਲ ਸੰਕ੍ਰਮਿਤ ਹੋ ਗਏ ਹਨ।