ਚੰਡੀਗੜ੍ਹ ਵਿੱਚ ਸਿੱਖ ਬੀਬੀਆਂ ਨੂੰ ਹੈਲਮਟ ਤੋਂ ਛੋਟ

12

October

2018

ਚੰਡੀਗੜ੍ਹ, ਚੰਡੀਗੜ੍ਹ ਵਿੱਚ ਦੋ ਪਹੀਆ ਵਾਹਨ ਚਾਲਕ ਔਰਤਾਂ ਲਈ ਹੈਲਮਟ ਪਾਉਣਾ ਲਾਜ਼ਮੀ ਕੀਤੇ ਜਾਣ ਦੇ ਫੈਸਲੇ ਸਬੰਧੀ ਸਿੱਖ ਬੀਬੀਆਂ ਨੂੰ ਛੋਟ ਮਿਲ ਗਈ ਹੈ। ਇਸ ਸਬੰਧ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੇ ਸਿੱਖ ਬੀਬੀਆਂ ਨੂੰ ਨੋਟਿਸਫਿਕੇਸ਼ਨ ਵਿੱਚ ਰਾਹਤ ਦੇਣ ਦੇ ਆਦੇਸ਼ ਦਿੱਤੇ। ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਤੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਸ੍ਰੀ ਬਾਦਲ ਦੀ ਅਗਵਾਈ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ ਅਤੇ ਸਿੱਖ ਬੀਬੀਆਂ ਲਈ ਹੈਲਮਟ ਲਾਜ਼ਮੀ ਕਰਨ ਦਾ ਨੋਟੀਫਿਕੇਸ਼ਨ ਵਾਪਸ ਲੈਣ ਲਈ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ ਸ੍ਰੀ ਰਾਜਨਾਥ ਨੇ ਫੌਰੀ ਕਾਰਵਾਈ ਕਰਦਿਆਂ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦਾ ਹੁਕਮ ਜਾਰੀ ਕੀਤਾ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਮਹਿਲਾਵਾਂ ਲਈ ਦੋ ਪਹੀਆ ਵਾਹਨ ਚਲਾਉਣ ਜਾਂ ਸਵਾਰੀ ਕਰਦੇ ਸਮੇਂ ਹੈਲਮਟ ਪਹਿਨਣ ਨੂੰ ਲਾਜ਼ਮੀ ਕੀਤਾ ਗਿਆ ਹੈ ਜਿਸ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਸੀ। ਹੁਣ ਕੇਂਦਰੀ ਗ੍ਰਹਿ ਮੰਤਰੀ ਵਲੋਂ ਇਸ ਨੋਟੀਫਿਕੇਸ਼ਨ ਸਬੰਧੀ ਦਿੱਤੇ ਹੁਕਮਾਂ ਨੂੰ ਸ਼੍ਰੀ ਬੁਟੇਰਲਾ ਨੇ ਚੰਡੀਗੜ੍ਹ ਦੀ ਸਿੱਖ ਸੰਗਤਾਂ ਦੀ ਜਿੱਤ ਕਰਾਰ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਜੋ ਕਿ ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੀ ਇਕਾਈ ਦੇ ਇੰਚਾਰਜ ਵੀ ਹਨ, ਨੇ ਵੀ ਇਸ ਨੋਟੀਫਿਕੇਸ਼ਨ ਨੂੰ ਵਾਪਸ ਕਰਵਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇਸ ਮੌਕੇ ਸ੍ਰੀ ਬੁਟਰੇਲਾ ਨੇ ਕੇਂਦਰੀ ਗੁਰਦੁਆਰਾ ਸੰਗਠਨ ਵੱਲੋਂ ਪਾਏ ਯੋਗਦਾਨ ਲਈ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਮਾਮਲੇ ਨੂੰ ਕੇਂਦਰ ਸਰਕਾਰ ਤੱਕ ਲਿਜਾਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਸਿੱਖ ਸੰਗਤਾਂ ਦੇ ਬੁਨਿਆਦੀ ਹੱਕਾਂ ਦੀ ਰਾਖੀ ਲਈ ਡੱਟ ਕੇ ਪਹਿਰਾ ਦਿੱਤਾ ਹੈ।