ਉਮਰ ਅਬਦੁੱਲਾ ਦੀ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਤੋਂ ਜੱਜ ਨੇ ਖ਼ੁਦ ਨੂੰ ਕੀਤਾ ਵੱਖ

12

February

2020

ਨਵੀਂ ਦਿੱਲੀ, 12 ਫਰਵਰੀ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਜਨਤਕ ਸੁਰੱਖਿਆ ਕਾਨੂੰਨ (ਪੀ. ਐੱਸ. ਏ.) ਦੇ ਤਹਿਤ ਹਿਰਾਸਤ 'ਚ ਰੱਖਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਹੁਣ 14 ਫਰਵਰੀ ਨੂੰ ਸੁਣਵਾਈ ਹੋਵੇਗੀ। ਅੱਜ ਇਸ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਮੋਹਨ ਐੱਮ. ਸ਼ਾਂਤਨਾਗੌਦਰ ਨੇ ਖ਼ੁਦ ਨੂੰ ਸੁਣਵਾਈ ਤੋਂ ਵੱਖ ਕਰ ਲਿਆ। ਹੁਣ ਸੁਪਰੀਮ ਕੋਰਟ ਦੇ ਦੂਜੇ ਬੈਂਚ ਵਲੋਂ ਭਲਕੇ ਇਸ ਮਾਮਲੇ 'ਤੇ ਸੁਣਵਾਈ ਕੀਤੀ ਜਾਵੇਗੀ। ਹਾਲਾਂਕਿ ਜਸਟਿਸ ਮੋਹਨ ਐੱਮ. ਸ਼ਾਂਤਨਾਗੌਦਰ ਨੇ ਖ਼ੁਦ ਨੂੰ ਇਸ ਮਾਮਲੇ ਦੀ ਸੁਣਵਾਈ ਤੋਂ ਵੱਖ ਕੀਤੇ ਜਾਣ ਦੇ ਪਿੱਛੇ ਕੋਈ ਖ਼ਾਸ ਵਜ੍ਹਾ ਨਹੀਂ ਦੱਸੀ ਹੈ। ਦੱਸਣਯੋਗ ਹੈ ਕਿ ਉਮਰ ਅਬਦੁੱਲਾ ਦੀ ਭੈਣ ਸਾਰਾ ਅਬਦੁੱਲਾ ਪਾਇਲਟ ਨੇ ਜਨਤਕ ਸੁਰੱਖਿਆ ਕਾਨੂੰਨ (ਪੀ. ਐੱਸ. ਏ.) ਤਹਿਤ ਉਨ੍ਹਾਂ ਨੂੰ ਹਿਰਾਸਤ 'ਚ ਰੱਖਣ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੰਦਿਆਂ ਪਟੀਸ਼ਨ ਦਾਇਰ ਕੀਤੀ ਸੀ।