ਟੈਂਪੂ ਚਾਲਕ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਹੋਰ ਕਾਬੂ

11

October

2018

ਨਵੀਂ ਦਿੱਲੀ, ਦਿੱਲੀ ਪੁਲੀਸ ਨੇ 3 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਇੱਕ ਟੈਂਪੂ ਚਾਲਕ ਨੂੰ ਚਾਕੂ ਨਾਲ ਕਥਿਤ ਕਤਲ ਕਰਨ ਦੇ ਮਾਮਲੇ ਵਿੱਚ ਲੋੜੀਂਦੇ ਹਨ। ਟੈਂਪੂ ਚਾਲਕ ਦਾ ਕਤਲ ਤੇ ਉਸ ਸਦੇ ਭਰਾ ਨੂੰ ਜ਼ਖ਼ਮੀ ਇਸ ਲਈ ਕਰ ਦਿੱਤਾ ਗਿਆ ਸੀ ਕਿ ਉਸ ਦਾ ਵਾਹਨ ਇੱਕ ਪਾਲਤੂ ਕੁੱਤੇ ਨਾਲ ਘਿਸੜ ਗਿਆ ਸੀ। ਐਤਵਾਰ ਨੂੰ 19 ਸਾਲਾਂ ਦੇ ਕਰਨ ਅਰੋੜਾ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਮੁਤਾਬਕ ਹੁਣ ਅੰਕਿਤ, ਪਾਰਸ ਤੇ ਦੇਵ ਚੋਪੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਕੁੱਤੇ ਨਾਲ ਟੈਂਪੂ ਟਕਰਾਇਆ ਸੀ ਉਹ ਅੰਕਿਤ ਤੇ ਪਾਰਸ ਦਾ ਸੀ। ਉੱਤਮ ਨਗਰ ਥਾਣੇ ਵਿੱਚ ਦਰਜ ਮਾਮਲੇ ਮੁ ਤਾਬਕ ਵਜਿੰਦਰ ਰਾਣਾ ਸਵੇਰੇ ਆਟੋ ਲੈ ਕੇ ਜਾ ਰਿਹਾ ਸੀ ਕਿ ਰਾਹ ਵਿੱਚ ਅੰਕਿਤ ਆਪਣਾ ਪਾਲਤੂ ਕੁੱਤਾ ਲੈ ਕੇ ਜਾ ਰਿਹਾ ਸੀ ਤੇ ਉਹ ਨਾਲ ਖਹਿਣ ਕਰਕੇ ਕੁੱਤੇ ਨੂੰ ਮਾਮੂਲੀ ਫੇਟ ਲੱਗੀ ਸੀ ਇਸ ਗੱਲੋਂ ਦੋਨਾਂ ਦਰਮਿਆਨ ਝਗੜਾ ਵਧ ਗਿਆ। ਉਸ ਦਾ ਭਰਾ ਪਾਰਸ ਵੀ ਆ ਰਲਿਆ ਤੇ ਦੋਨਾਂ ਧਿਰਾਂ ਦਰਮਿਆਨ ਹੋਈ ਲੜਾਈ ਦੌਰਾਨ ਚਾਕੂ ਰਾਣਾ ਨੂੰ ਲੱਗਾ ਤੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਵਾਰਦਾਤ ਲਈ ਇਸਤੇਮਾਲ ਕੀਤਾ ਗਿਆ ਚਾਕੂ ਵੀ ਬਰਾਮਦ ਕੀਤਾ ਹੈ। ਰਾਣਾ ਦੀ ਪਤਨੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ।