ਹਿੰਦੂ ਤੇ ਮੁਸਲਿਮ ਵਿਦਿਆਰਥੀ ਵੱਖਰੇ ਬਿਠਾਉਣ ਬਾਰੇ ਜਾਂਚ

11

October

2018

ਨਵੀਂ ਦਿੱਲੀ, ਸਿੱਖਿਆ ਵਿਭਾਗ ਵੱਲੋਂ ਇੱਕ ਸੀਨੀਅਰ ਅਧਿਕਾਰੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਜ਼ੀਰਬਾਦ ਵਿੱਚ ਉੱਤਰੀ ਦਿੱਲੀ ਨਗਰ ਨਿਗਮ ਦੇ ਉਸ ਸਕੂਲ ਦਾ ਨਰੀਖਣ ਕਰਨ ਜਿੱਥੇ ਕਥਿਤ ਕਿਹਾ ਜਾ ਰਿਹਾ ਹੈ ਕਿ ਹਿੰਦੂ ਮੁਸਲਮਾਨ ਦੇ ਆਧਾਰ ’ਤੇ ਵੱਖ-ਵੱਖ ਸੈਕਸ਼ਨ ਬਣਾ ਕੇ ਬੈਠਾਇਆ ਜਾ ਰਿਹਾ ਹੈ। ਐੱਨਡੀਐੱਮਸੀ ਦੇ ਸੂਤਰਾਂ ਮੁਤਾਬਕ ਸੀਨੀਅਰ ਅਧਿਕਾਰੀ ਵੱਲੋਂ ਇਸ ਰਿਪੋਰਟ ਦਾ ਨੋਟਿਸ ਲਿਆ ਗਿਆ ਹੈ ਤੇ ਦੋਸ਼ ਸਹੀ ਪਾਏ ਗਏ ਤਾਂ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਸਿੱਖਿਆ ਮਹਿਕਮੇ ਦੇ ਡਾਇਰੈਕਟਰ ਨੇ ਜ਼ੋਨਲ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਦੋਸ਼ਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਹ ਸਕੂਲ ਐੱਮਸੀਡੀ ਅਧੀਨ ਹੈ ਜੋ ਸਿਵਲ ਲਾਈਨਜ਼ ਜ਼ੋਨ ਵਿੱਚ ਪੈਂਦਾ ਹੈ। ਦਿੱਲੀ ਅੰਦਰ ਪ੍ਰਾਇਮਰੀ ਸਕੂਲ ਦਿੱਲੀ ਨਗਰ ਨਿਗਮਾਂ ਅਧੀਨ ਆਉਂਦੇ ਹਨ। ਖ਼ਬਰ ਬਾਰੇ ਲੱਗਣ ਤੋਂ ਅਧਿਆਪਕਾਂ ਤੇ ਮਾਪਿਆਂ ਵੱਲੋਂ ਹੈਰਾਨੀ ਪਾਈ ਜਾ ਰਹੀ ਹੈ। ਤਿਲਕ ਨਗਰ ਦੇ ਖ਼ਾਲਸਾ ਸਕੂਲ ਦੇ ਅਧਿਆਪਕ ਨੇ ਕਿਹਾ ਕਿ ਸਕੂਲਾਂ ਨੂੰ ਧਰਮ ਤੇ ਜਾਤ ਦੀ ਰਾਜਨੀਤੀ ਤੋਂ ਦੂਰ ਰੱਖਣਾ ਜ਼ਰੂਰੀ ਹੈ। ਮਾਪਿਆਂ ਨੂੰ ਵੀ ਇਸ ਗੱਲ ਦਾ ਇਲਮ ਨਹੀਂ ਸੀ। ਮਨੁੱਖੀ ਸਰੋਤ ਮੰਤਰਾਲੇ ਨੇ ਰਿਪੋਰਟ ਮੰਗੀ ਉਧਰ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਹਿੰਦੂ ਮੁਸਲਮਾਨ ਵਿਦਿਆਰਥੀਆਂ ਬਾਰੇ ਛਪੀ ਖ਼ਬਰ ਦਾ ਨੋਟਿਸ ਲਿਆ ਗਿਆ ਹੈ ਤੇ ਰਿਪੋਰਟ ਮੰਗੀ ਗਈ ਹੈ। ਕੇਂਦਰੀ ਮਨੁੱਖੀ ਸਰੋਤ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ਿਕਾਇਤ ਅਜੇ ਤੱਕ ਨਹੀਂ ਮਿਲੀ ਹੈ ਪਰ ਉਨ੍ਹਾਂ ਮੀਡੀਆ ਰਿਪੋਰਟਾਂ ਵਿੱਚ ਅਜਿਹਾ ਪੜ੍ਹਿਆ ਹੈ ਤੇ ਰਿਪੋਰਟ ਦੇਣ ਲਈ ਉਨ੍ਹਾਂ ਆਖਿਆ ਹੈ।