ਡੀਸੀ ਵੱਲੋਂ ਖੇਤੀਬਾੜੀ ਸੰਦਾਂ ਦਾ ਨਿਰੀਖਣ

11

October

2018

ਸਿਰਸਾ, ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਪਿੰਡ ਦੜ੍ਹਬੀ ਵਿੱਚ ਕਿਸਾਨ ਰਾਮਪਾਲ ਗਰੇਵਾਲ ਦੇ ਖੇਤ ਵਿਚ ਖੇਤੀਬਾੜੀ ਵਿਭਾਗ ਵੱਲੋਂ ਫਸਲ ਦੀ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਵਰਤੇ ਜਾਣ ਵਾਲੇ ਖੇਤੀਬਾੜੀ ਸੰਦਾਂ ਦੀ ਸਿੱਧੀ ਵਰਤੋਂ ਦਾ ਨਿਰੀਖਣ ਕੀਤਾ। ਇਸ ਮੌਕੇ ਕੰਬਾਈਨ ਐੱਸ.ਐੱਮ.ਐੱਸ., ਹੈਪੀ ਸੀਡਰ, ਮਲਚਰ, ਚੋਪਰ, ਸਟਾਊਬੈਲਰ ਆਦਿ ਖੇਤੀਬਾੜੀ ਸੰਦ ਖੇਤ ਵਿੱਚ ਚਲਾ ਕੇ ਦਿਖਾਏ ਗਏ। ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾ ਕੇ ਖੇਤੀਬਾੜੀ ਸੰਦਾਂ ਦੀ ਵਰਤੋਂ ਕਰ ਕੇਪਰਾਲੀ ਨੂੰ ਖੇਤ ਵਿੱਚ ਮਿਲਾ ਕੇ ਫਸਲ ਦੀ ਬਿਜਾਈ ਕਰਨ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਵਾਤਾਵਰਨ ਵੀ ਸੁਰੱਖਿਅਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਵਿੱਚ ਫਸਲ ਦੀ ਰਹਿੰਦ ਖੂੰਹਦ ਨੂੰ ਮਿਲਾਉਣ ਨਾਲ ਹੋਰ ਖਾਦਾਂ ਦੀ ਵਰਤੋਂ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਆਦੇਸ਼ ਅਨੁਸਾਰ ਝੋਨੇ ਅਤੇ ਕਣਕ ਦੀ ਰਹਿੰਦ ਖੂੰਹਦ ਮਚਾਉਣ ‘ਤੇ ਜੁਰਮਾਨਾ ਵੀ ਲਾਇਆ ਜਾਵੇਗਾ। ਸਮਾਗਮ ਵਿੱਚ ਉਪ ਖੇਤੀਬਾੜੀ ਨਿਦੇਸ਼ਕ ਡਾ. ਬਾਬੂ ਲਾਲ, ਖੇਤੀਬਾੜੀ ਵਿਭਾਗ ਦੇ ਅਧਿਕਾਰੀ ਜਸਵਿੰਦਰ ਸਿੰਘ ਚੌਹਾਨ, ਉਪਮੰਡਲ ਖੇਤੀਬਾੜੀ ਅਧਿਕਾਰੀ ਡਾ. ਸੁਖਦੇਵ ਸਿੰਘ ਸਮੇਤ ਵੱਖ-ਵੱਖ ਪਿੰਡਾਂ ਕਿਸਾਨਾਂ ਨੇ ਵੀ ਭਾਗ ਲਿਆ।